ਡਿਪਟੀ ਮੁੱਖ ਮੰਤਰੀ ਸੋਨੀ

ਡਿਪਟੀ ਮੁੱਖ ਮੰਤਰੀ ਸੋਨੀ ਵੱਲੋਂ ਅੰਦਰੂਨੀ ਸ਼ਹਿਰ ਦੀ ਸਫਾਈ ਲਈ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਚੰਡੀਗੜ੍ਹ, 23 ਅਕਤੂਬਰ 2021- ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਇਸ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਦੇ ਨਿਵਾਸੀਆਂ ਨਾਲ ਅੰਦਰੂਨ ਸ਼ਹਿਰ ਦੀ ਸਫਾਈ ਨੂੰ ਨਿਯਮਬੱਧ ਬਣਾਉਣ ਲਈ ਕੀਤੇ ਗਏ ਵਾਅਦੇ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਉਤਸਵ ਤੇ ਕਰੋੜਾਂ ਰੁਪਏ ਦੀ ਮਸ਼ੀਨਰੀ ਅੰਦਰੂਨ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਵਿੱਚ ਉਤਾਰੀ ਗਈ।

ਇਸ ਮੌਕੇ ਡਿਪਟੀ ਮੁੱਖ ਮੰਤਰੀ ਪੰਜਾਬ  ਓਮ ਪ੍ਰਕਾਸ਼ ਸੋਨੀ ਜੋ ਕਿ  ਸਮਾਰੋਹ ਦੇ ਮੁੱਖ ਮਹਿਮਾਨ ਸਨ ਵੱਲੋਂ ਇਸ ਮਸ਼ੀਨਰੀ ਨੂੰ ਅੰਦਰੂਨ ਸ਼ਹਿਰ ਦੀਆਂ ਸੜਕਾਂ ਤੇ ਉਤਾਰਨ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਡਿਪਟੀ ਮੁੱਖ ਮੰਤਰੀ ਸ੍ਰੀ ਸੋਨੀ ਨੇ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਦੀ ਸਫਾਈ ਪ੍ਰਬੰਧਾਂ ਨੂੰ ਨਿਯਮਬੱਧ ਕਰਨ ਲਈ ਪ੍ਰਸੰਸਾ ਕੀਤੀ।

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਉਚੇਚੇ ਤੌਰ ਤੇ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਸ਼ਹਿਰ ਵਾਸੀਆਂ ਦੀ ਸੇਵਾ ਲਈ ਵਿਸ਼ੇਸ਼ ਧਿਆਨ ਦੇਣ ਲਈ ਉਨ੍ਹਾਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਉਪਰਾਲਿਆਂ ਸਦਕਾ ਅੰਮ੍ਰਿਤਸਰ ਸ਼ਹਿਰ ਦੀ ਨੁਹਾਰ ਬਦਲੀ ਹੈ। ਸ੍ਰੀ ਸੋਨੀ ਨੇ ਕਿਹਾ ਕਿ ਅੱਜ 6 ਕਰੋੜ ਰੁਪਏ ਦੀ ਲਾਗਤ ਨਾਲ 49 ਗੱਡੀਆਂ ਨੂੰ ਸ਼ਹਿਰੀ ਸਾਫ਼ ਸਫ਼ਾਈ ਦੇ ਲਈ ਰਵਾਨਾ ਕੀਤਾ ਗਿਆ ਹੈ।

ਉਨਾਂ ਦੱਸਿਆ ਕਿ ਇਹ ਗੱਡੀਆਂ ਸ਼ਹਿਰ ਦੇ ਅੰਦਰੂਨੀ ਹਿੱਸੇ ਦੇ 12 ਵਾਰਡਾਂ ਨੂੰ ਕਵਰ ਕਰਨਗੀਆਂ। ਉਨਾਂ ਦੱਸਿਆ ਕਿ ਅੰਦਰੂਨੀ ਸ਼ਹਿਰ ਵਿੱਚ ਤੰਗ ਗਲੀਆਂ ਤੇ ਭੀੜੇ ਬਾਜਾਰਾਂ ਵਿਚ ਇਹ ਗੱਡੀਆਂ ਸੋਖੇ ਢੰਗ ਨਾਲ ਜਾ ਕੇ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਉਣਗੀਆਂ। ਉਨਾਂ ਕਿਹਾ ਕਿ ਅੰਮ੍ਰਿਤਸਰ ਇਕ ਪਵਿੱਤਰ ਸ਼ਹਿਰ ਹੈ, ਜਿਥੇ ਰੋਜਾਨਾਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰਖੀਏ ਤਾਂ ਜੋ ਯਾਤਰੂ ਇਥੋਂ ਚੰਗਾ ਪ੍ਰਭਾਵ ਲੈ ਕੇ ਜਾ ਸਕਣ ਕਿ ਅਸੀਂ ਅੰਮ੍ਰਿਤਸਰ ਸਿਫ਼ਤੀ ਦੇ ਘਰ ਗਏ ਸਾਂ।

ਇਸ ਮੌਕੇ ਸ੍ਰੀ ਸੋਨੀ ਨੇ ਡੇਂਗੂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਡੇਂਗੂ ਦੇ ਡੰਕ ਨੂੰ ਰੋਕਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਮੁਸ਼ਤੈਦ ਹੈ ਅਤੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਨਾਲ ਨਿਪਟਣ ਲਈ ਵੱਖ-ਵੱਖ ਵਾਰਡ ਬਣਾਏ ਗਏ ਹਨ। ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸ਼ਹਿਰ ਦੇ ਕਿਸੇ ਪ੍ਰਾਈਵੇਟ ਹਸਪਤਾਲ ਵਲੋਂ ਜੇਕਰ ਡੇਂਗੂ ਦੇ ਮਰੀਜਾਂ ਕੋਲੋਂ ਵੱਧ ਰਾਸ਼ੀ ਵਸੂਲਣ ਸਬੰਧੀ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 

ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਇੱਕ ਵਿਸ਼ਵ ਪ੍ਰਸਿੱਧ ਸ਼ਹਿਰ ਹੈ ਜਿਸ ਵਿੱਚ ਰੋਜ਼ਾਨਾ ਲੱਖਾਂ ਸ਼ਰਧਾਲੂ ਧਾਰਮਿਕ ਅਸਥਾਨਾਂ ਤੇ ਨਤਮਸਤਕ ਹੋਣ ਲਈ ਆਉਂਦੇ ਹਨ ਪਰ ਸਾਫ ਸਫਾਈ ਨਿਯਮਬੱਧ ਨਾ ਹੋਣ ਕਰਕੇ ਲੋਕਾਂ ਵਿੱਚ ਨਗਰ ਨਿਗਮ ਅੰਮ੍ਰਿਤਸਰ ਦਾ ਅਕਸ ਖਰਾਬ ਹੋ ਰਿਹਾ ਸੀ। ਅੱਜ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸਮਾਰਟ ਸਿਟੀ ਦੇ ਸਹਿਯੋਗ ਨਾਲ ਕਰੋੜਾਂ ਰੁਪਏ ਦੀ ਮਸ਼ੀਨਰੀ ਸਫਾਈ ਨੂੰ ਨਿਯਮਬੱਧ ਬਣਾਉਣ ਲਈ ਅੰਦਰੂਨ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਵਿੱਚ ਉਤਾਰੀ ਗਈ ਹੈ।

ਇਨ੍ਹਾਂ ਸੜਕਾਂ ਅਤੇ ਅੰਦਰੂਨ ਸ਼ਹਿਰ ਦੀਆਂ ਗਲੀਆਂ ਵਿੱਚੋਂ ਡੋਰ ਟੂ ਡੋਰ ਕੂੜੇ ਦੀ ਕਲੈਕਸ਼ਨ ਕੀਤੀ ਜਾਵੇਗੀ। ਜਿਸ ਵਾਸਤੇ 49 ਫੌਰ ਵਹੀਲਰ ਗੱਡੀਆਂ, 54 ਟ੍ਰਾਈਸਾਈਕਲ, 34 ਟਵਿਨ ਬਿਨ ਹੂਪਰ, 9 ਹੂਪਰ ਬਿਨ ਲਿਫਟਰ, 8 ਕੰਮਪੈਕਟਰ, 35 ਵੱਡੇ ਆਰ.ਸੀ. ਬਿਨ ਮੁਹੱਈਆਂ ਕਰਵਾਏ ਗਏ ਹਨ।

ਉਕਤ ਕੰਮ ਤੋਂ ਇਲਾਵਾਂ ਹਰ ਘਰ ਵਿੱਚ ਦੋ-ਦੋ ਡਸਟਬਿਨ ਮੁਹੱਈਆਂ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਲੋਕ ਆਪਣੇ ਘਰਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਸੁੱਟ ਸਕਦੇ ਹਨ ਅਤੇ ਜਿਨ੍ਹਾਂ ਦੀ ਬਕਾਇਦਾ ਰੋਜ਼ਾਨਾ ਲਿਫਟਿੰਗ ਕੀਤੀ ਜਾਵੇਗੀ ਅਤੇ ਸ਼ਹਿਰ ਸਾਫ ਸੁਥਰਾ ਹੋਣ ਨਾਲ ਅੰਮ੍ਰਿਤਸਰ ਆਉਣ ਵਾਲੇ ਸ਼ਰਧਾਲੂਆਂ ਵਿੱਚ ਇਸ ਦੀ ਦਿੱਖ ਬਦਲੇਗੀ। ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸ਼ਹਿਰ ਵਾਸੀਆਂ ਨੂੰ ਸੁਨੇਹਾ ਦਿੰਦਿਆਂ ਹੋਇਆਂ ਕਿਹਾ ਕਿ ਨਗਰ ਨਿਗਮ ਆਪਣੇ ਤੌਰ ਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਹਰ ਤਰ੍ਹਾਂ ਦੇ ਉਪਰਾਲੇ ਕਰ ਰਿਹਾ ਹੈ ਅਤੇ ਕਰੋੜਾਂ ਰੁਪਏ ਦੀ ਵਿਸ਼ਵ ਪੱਧਰੀ ਮਸ਼ੀਨਰੀ ਵੀ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸੜਕਾਂ ਤੇ ਉਤਾਰੀ ਗਈ ਹੈ ਤਾਂ ਜੋ ਸ਼ਹਿਰ ਨੂੰ ਸਾਫ ਸੁਥਰਾ ਬਣਾਇਆਂ ਜਾਵੇ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਸ਼ਹਿਰਵਾਸੀ ਆਪਣਾ ਸਹਿਯੋਗ ਦੇਣ ਅਤੇ ਸ਼ਹਿਰ ਨੂੰ ਸਾਫ ਸੁਥਰਾ ਅਤੇ ਹਰਾ ਭਰਿਆਂ ਬਣਾ ਕੇ ਰੱਖਣ।

 

ਇਸ ਮੌਕੇ ਤੇ ਕਮਿਸ਼ਨਰ ਨਗਰ ਨਿਗਮ ਮਾਲਵਿੰਦਰ ਸਿੰਘ ਜੱਗੀ, ਡਿਪਟੀ ਮੇਅਰ ਯੂਨਸ ਕੁਮਾਰ, ਐਸ.ਡੀ.ਐਮ. ਸ੍ਰੀ ਦੀਪਕ ਭਾਟੀਆ, ਕੌਂਸਲਰ ਵਿਕਾਸ ਸੋਨੀ, ਕੌਂਸਲਰ ਮਹੇਸ਼ ਖੰਨਾ, ਕੌਂਸਲਰ ਦਲਬੀਰ ਸਿੰਘ ਮੰਮਣਕੇ, ਕੌਂਸਲਰ ਜਤਿੰਦਰ ਸੋਨੀਆ, ਸੁਨੀਲ ਕੌਂਟੀ, ਪਰਮਜੀਤ ਚੋਪੜਾ, ਸਰਬਜੀਤ ਲਾਟੀ, ਗੁਰਦੇਵ ਸਿੰਘ ਦਾਰਾ, ਇਕਬਾਲ ਸ਼ੈਰੀ ਤੋਂ ਇਲਾਵਾ ਨਗਰ ਨਿਗਮ ਦੇ ਸਿਹਤ ਅਫਸਰ ਡਾ. ਯੋਗੇਸ਼, ਸਿਹਤ ਅਫਸਰ ਡਾ. ਸੌਰਵ ਚਾਵਲਾ, ਸਮੂਹ ਚੀਫ ਸੈਨੇਟਰੀ ਇੰਸਪੈਕਟਰ, ਸੈਨੇਟਰੀ ਇੰਸਪੈਕਟਰ ਅਤੇ ਭਾਰੀ ਗਿਣਤੀ ਵਿੱਚ ਅਧਿਕਾਰੀ, ਕਰਮਚਾਰੀ ਸ਼ਾਮਿਲ ਸਨ

Scroll to Top