ਚੰਡੀਗੜ੍ਹ 28 ਦਸੰਬਰ 2022 : ਉੱਤਰੀ ਭਾਰਤ (North India) ਦੇ ਕਈ ਸੂਬਿਆਂ ਵਿੱਚ ਠੰਡ ਅਤੇ ਸੰਘਣੀ ਧੁੰਦ ਕਾਰਨ ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ। ਖ਼ਰਾਬ ਵਿਜ਼ੀਬਿਲਟੀ ਕਾਰਨ ਰੇਲਵੇ ਨੇ ਅੱਜ 279 ਟਰੇਨਾਂ ਨੂੰ ਰੱਦ ਕਰ ਦਿੱਤਾ ਗਈ ਹੈ, ਜਦਕਿ 100 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲਣ ਦੀ ਸੂਚਨਾ ਹੈ।
ਦਿੱਲੀ ਐਨਸੀਆਰ, ਉੱਤਰਾਖੰਡ, ਯੂਪੀ, ਬਿਹਾਰ, ਹਰਿਆਣਾ, ਪੰਜਾਬ, ਰਾਜਸਥਾਨ ਵਿੱਚ ਇਨ੍ਹੀਂ ਦਿਨੀਂ ਸੀਤ ਲਹਿਰ (Cold wave) ਚੱਲ ਰਹੀ ਹੈ। ਤਾਪਮਾਨ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ ਅਤੇ ਸੰਘਣੀ ਧੁੰਦ ਪੈ ਗਈ ਹੈ। ਸੰਘਣੀ ਧੁੰਦ ਨੇ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਕਈ ਸਥਾਨਾਂ ‘ਤੇ ਦ੍ਰਿਸ਼ਟੀ ਨੂੰ 50 ਮੀਟਰ ਤੱਕ ਘਟਾ ਦਿੱਤਾ। ਇਸ ਕਾਰਨ ਦਿੱਲੀ ਜਾਣ ਵਾਲੀਆਂ 15 ਟਰੇਨਾਂ ਦੇਰੀ ਨਾਲ ਚੱਲੀਆਂ, ਜਦਕਿ ਦੋ ਦਾ ਸਮਾਂ ਬਦਲਣਾ ਪਿਆ।
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਧੁੰਦ ਅਤੇ ਘੱਟ ਵਿਜ਼ੀਬਿਲਟੀ ਕਾਰਨ ਲਗਭਗ 100 ਉਡਾਣਾਂ ਪ੍ਰਭਾਵਿਤ ਹੋਈਆਂ। ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਮੰਗਲਵਾਰ ਤੜਕੇ ਸਪਾਈਸਜੈੱਟ ਅਤੇ ਇੰਡੀਗੋ ਦੀਆਂ ਦੋ ਉਡਾਣਾਂ ਨੂੰ ਜੈਪੁਰ ਲਈ ਰਵਾਨਾ ਕੀਤਾ ਗਿਆ। ਇਸ ਸੀਜ਼ਨ ਵਿੱਚ ਪਹਿਲੀ ਵਾਰ ਉਡਾਣਾਂ ਨੂੰ ਡਾਇਵਰਟ ਕਰਨਾ ਪਿਆ ਹੈ।
ਰਾਜਧਾਨੀ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਕੁਝ ਰਾਹਤ ਮਿਲੀ ਹੈ। ਘੱਟੋ-ਘੱਟ ਤਾਪਮਾਨ ਆਮ ਨਾਲੋਂ ਇਕ ਡਿਗਰੀ ਹੇਠਾਂ 5.6 ਡਿਗਰੀ ਸੈਲਸੀਅਸ ‘ਤੇ ਰਿਹਾ, ਜਦਕਿ ਵੱਧ ਤੋਂ ਵੱਧ ਤਾਪਮਾਨ ਵੀ 16 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ। ਸੋਮਵਾਰ ਨੂੰ ਘੱਟੋ-ਘੱਟ ਤਾਪਮਾਨ 5.3 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 15.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ‘ਚ ਸੋਮਵਾਰ ਇਸ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਰਿਹਾ।