ਅੰਮ੍ਰਿਤਸਰ 29 ਅਕਤੂਬਰ 2022: ਪੰਜਾਬ ਵਿੱਚ ਨਸ਼ਿਆਂ ਦੀ ਲਤ ਵਧਦੀ ਜਾ ਰਹੀ ਹੈ। ਸੂਬੇ ਵਿੱਚ ਨਸ਼ਿਆਂ ਦੇ ਸੌਦਾਗਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਹੁਣ ਜਨਤਕ ਤੌਰ ’ਤੇ ‘ਚਿੱਟਾ ਇੱਥੇ ਮਿਲਦਾ ਹੈ’ (Chitta ithe Milda hai) ਦੇ ਪੋਸਟਰ ਲਗਾ ਰਹੇ ਹਨ। ਕੁਝ ਦਿਨ ਪਹਿਲਾਂ ਬਠਿੰਡਾ ਵਿੱਚ ਅਜਿਹਾ ਪੋਸਟਰ ਦੇਖਿਆ ਗਿਆ ਸੀ ਹੁਣ ਅੰਮ੍ਰਿਤਸਰ ਦੱਖਣੀ ਹਲਕੇ ਵਿੱਚ ਇਸਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ
ਅੰਮ੍ਰਿਤਸਰ ਦੱਖਣ ਹਲਕੇ ਦੇ ਵਿਚ ਸ਼ਹੀਦਾਂ ਸਾਹਿਬ ਗੁਰਦੁਆਰੇ ਦੇ ਨਜ਼ਦੀਕ “ਚਿੱਟਾ ਇੱਥੋਂ ਮਿਲਦਾ ਹੈ ” (Chitta ithe Milda hai) ਦੇ ਪੋਸਟਰ ਲੱਗੇ ਹੋਏ ਮਿਲੇ ਅਤੇ ਇਹ ਪੋਸਟਰ ਕਿਸ ਵੱਲੋਂ ਲਗਾਏ ਗਏ ਹਨ | ਇਸ ਪੋਸਟਰ ਦੇ ਹੇਠਾਂ ਲਿਖਿਆ ਗਿਆ ਹੈ “ਵੱਲੋਂ ਉੱਜੜੇ ਪਰਿਵਾਰ” | ਇਸਦੇ ਨਾਲ ਹੀ ਹੁਣ ਚਾਰ ਮਹੀਨਿਆਂ ਵਿਚ ਨਸ਼ਾ ਖਤਮ ਕਰਨ ਵਾਲੀ ਸਰਕਾਰ ‘ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ |
ਇਸ ਪੋਸਟਰਾਂ ਨੇ ਪੰਜਾਬ ਦੀ ਸਿਆਸਤ ਨੂੰ ਦੁਬਾਰਾ ਤੋਂ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ |ਉੱਥੇ ਹੀ ਚਸ਼ਮਦੀਦ ਹਰਦੇਵ ਸਿੰਘ ਦੇ ਮੁਤਾਬਕ ਜਦੋਂ ਉਹ ਦੇਰ ਰਾਤ ਇੱਕ ਵਜੇ ਸੇਵਾ ਕਰਨ ਵਾਸਤੇ ਗੁਰਦੁਆਰਾ ਸਾਹਿਬ ਲਈ ਜਾ ਰਿਹਾ ਸੀ ਤਾਂ ਉਸ ਵੇਲੇ ਉਨ੍ਹਾਂ ਨੇ ਇਹ ਪੋਸਟਰ ਨਹੀਂ ਸਨ, ਪਰ ਜਦੋਂ ਸੇਵਾ ਕਰਕੇ ਘਰ ਵਾਪਸ ਪਰਤ ਰਿਹਾ ਸੀ ਉਸ ਵੇਲੇ ਉਸ ਵੱਲੋਂ ਇਹ ਪੋਸਟਰ ਵੇਖੇ ਗਏ ਅਤੇ ਉਸ ਵੱਲੋਂ ਇਹ ਵੀਡਿਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਉਣ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਵੀ ਬਹੁਤ ਸਾਰੇ ਲੋਕ ਹਨ, ਜੋ ਨਸ਼ਾ ਤਸਕਰੀ ਅਤੇ ਜਾਂ ਨਸ਼ਿਆਂ ਦਾ ਸੇਵਨ ਕਰਦੇ ਹਨ |
ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਲਗਾਤਾਰ ਹੀ ਨਸ਼ਾ ਆਪਣੇ ਚਰਮ ਸੀਮਾ ‘ਤੇ ਹੈ ਅਤੇ ਕੁਝ ਸਮੇਂ ਪਹਿਲਾਂ ਇੱਕ ਮੁਟਿਆਰ ਦੀ ਅਤੇ ਕੁਝ ਨੌਜਵਾਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜੋ ਕਿ ਨਸ਼ੇ ਵਿੱਚ ਧੁੱਤ ਸਨ | ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਇਸ ‘ਤੇ ਕਿ ਐਕਸ਼ਨ ਲੈਂਦੀ ਹੈ ਫਿਲਹਾਲ ਇਹ ਦੇਖਣਾ ਬਾਕੀ ਹੈ |