ਚੰਡੀਗੜ੍ਹ, 06 ਜੂਨ 2023: ਬੀਐਸਐਫ (BSF) ਜਵਾਨਾਂ ਨੇ ਭਾਰਤੀ-ਪਾਕਿਸਤਾਨ ਸਰਹੱਦ ਤੋਂ 2 ਪਾਕਿਸਤਾਨੀ ਨਾਗਰਿਕਾਂ ਨੂੰ ਫੜਿਆ। ਉਹ ਤਰਨਤਾਰਨ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਢੱਲਾ ਨੇੜੇ ਪੈਂਦੇ ਇਲਾਕੇ ਵਿੱਚ ਕੌਮਾਂਤਰੀ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਗਏ। ਦੋਵਾਂ ਦੀ ਪਛਾਣ ਸਬੀਬ ਖ਼ਾਨ (ਉਮਰ 25 ਸਾਲ) ਵਾਸੀ ਪੰਚਕ, ਜ਼ਿਲ੍ਹਾ-ਟੋਬਾ ਤਾਕੇ ਸਿੰਘ, ਪਾਕਿਸਤਾਨ ਅਤੇ ਮੁਹੰਮਦ ਚੰਦ (ਉਮਰ 21 ਸਾਲ) ਵਾਸੀ ਸ਼ਾਦਾਰਾ ਪਿੰਡ, ਜ਼ਿਲ੍ਹਾ ਲਾਹੌਰ, ਪਾਕਿਸਤਾਨ ਵਜੋਂ ਹੋਈ ਹੈ।
ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਫੜੇ ਗਏ ਦੋਵੇਂ ਪਾਕਿ ਨਾਗਰਿਕ ਅਣਜਾਣੇ ‘ਚ ਭਾਰਤੀ ਖੇਤਰ ‘ਚ ਦਾਖਲ ਹੋ ਗਏ ਸਨ। ਉਨ੍ਹਾਂ ਕੋਲੋਂ 1000/- ਪਾਕਿਸਤਾਨੀ ਕਰੰਸੀ ਤੋਂ ਇਲਾਵਾ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਬੀਐਸਐਫ (BSF) ਨੇ ਪਾਕਿਸਤਾਨ ਰੇਂਜਰਾਂ ਨਾਲ ਸੰਪਰਕ ਕਰਕੇ ਮਾਮਲੇ ਨੂੰ ਲੈ ਕੇ ਵਿਰੋਧ ਦਰਜ ਕਰਵਾਇਆ। ਜਿਸ ਤੋਂ ਬਾਅਦ 6 ਜੂਨ ਨੂੰ ਅਣਜਾਣੇ ਵਿੱਚ ਸਰਹੱਦ ਪਾਰ ਕਰਨ ਵਾਲੇ ਦੋਵੇਂ ਪਾਕਿਸਤਾਨੀ ਨਾਗਰਿਕਾਂ ਨੂੰ ਮਨੁੱਖੀ ਆਧਾਰ ‘ਤੇ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ ਸੀ।