ਚੰਡੀਗੜ੍ਹ 30 ਨਵੰਬਰ 2022: ਮਸ਼ਹੂਰ ਗਾਇਕ ਦਲੇਰ ਮਹਿੰਦੀ (Daler Mehndi) ਦਾ ਦਿੱਲੀ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਸਥਿਤ ਫਾਰਮ ਹਾਊਸ (farm house) ਨੂੰ ਸੀਲ ਕਰ ਦਿੱਤਾ ਗਿਆ ਹੈ। ਸੋਹਾਣਾ ਇਲਾਕੇ ਵਿੱਚ ਦਮਦਮਾ ਝੀਲ ਨੇੜੇ ਕਰੀਬ ਡੇਢ ਏਕੜ ਵਿੱਚ ਬਣੇ ਇਸ ਫਾਰਮ ਹਾਊਸ ਨੂੰ ਬਣਾਉਣ ਦੀ ਮਨਜ਼ੂਰੀ ਨਹੀਂ ਲਈ ਗਈ ਸੀ।
ਇਸ ਦੇ ਨਾਲ ਹੀ ਐਨਜੀਟੀ ਦੇ ਹੁਕਮਾਂ ਦੀ ਵੀ ਪਾਲਣਾ ਨਹੀਂ ਕੀਤੀ ਗਈ, ਜਿਸ ਕਾਰਨ ਡੀਟੀਪੀ ਵੱਲੋਂ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ 2 ਹੋਰ ਜਣਿਆਂ ਦੇ ਫਾਰਮ ਹਾਊਸ ਵੀ ਸੀਲ ਕੀਤੇ ਗਏ ਹਨ। ਇਸ ਦੌਰਾਨ ਡਿਊਟੀ ਮੈਜਿਸਟਰੇਟ ਅਤੇ ਪੁਲਿਸ ਵੀ ਮੌਜੂਦ ਰਹੀ । ਦਰਅਸਲ ਕਰੀਬ 10 ਸਾਲ ਪਹਿਲਾਂ ਗਾਇਕ ਦਲੇਰ ਮਹਿੰਦੀ ਨੇ ਦਮਦਮਾ ਝੀਲ ਦੇ ਬਿਲਕੁਲ ਨੇੜੇ ਅਰਾਵਲੀ ਰੇਂਜ ਵਿੱਚ ਇੱਕ ਫਾਰਮ ਹਾਊਸ ਬਣਾਇਆ ਸੀ। ਇਸ ਸਬੰਧੀ ਐਨਜੀਟੀ ਵੱਲੋਂ ਹੁਕਮ ਵੀ ਜਾਰੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ ।
ਜ਼ਿਲ੍ਹਾ ਟਾਊਨ ਪਲਾਨਿੰਗ ਅਫ਼ਸਰ (ਡੀਟੀਪੀ) ਅਮਿਤ ਮਧੋਲੀਆ ਨੇ ਦੱਸਿਆ ਕਿ ਤਿੰਨੋਂ ਸੀਲ ਕੀਤੇ ਫਾਰਮ ਹਾਊਸ ਝੀਲ ਦੇ ਕੈਚਮੈਂਟ ਖੇਤਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਬਣਾਏ ਗਏ ਸਨ। ਇਹ ਅਰਾਵਲੀ ਰੇਂਜ ਵਿੱਚ ਬਿਨਾਂ ਕਿਸੇ ਮਨਜ਼ੂਰੀ ਦੇ ਗੈਰ-ਕਾਨੂੰਨੀ ਢੰਗ ਨਾਲ ਬਣਾਏ ਗਏ ਸਨ। ਐਨਜੀਟੀ ਨੇ ਸੋਨੀਆ ਘੋਸ਼ ਬਨਾਮ ਹਰਿਆਣਾ ਰਾਜ ਦੇ ਮਾਮਲੇ ਵਿੱਚ ਇਸ ਸਬੰਧੀ ਹੁਕਮ ਜਾਰੀ ਕੀਤੇ ਸਨ। ਐਨਜੀਟੀ ਦੇ ਹੁਕਮਾਂ ਤੋਂ ਬਾਅਦ ਪੁਲਿਸ ਫੋਰਸ ਸਮੇਤ ਤਿੰਨੋਂ ਫਾਰਮ ਹਾਊਸਾਂ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਗਈ।
ਦੱਸ ਦੇਈਏ ਕਿ ਗਾਇਕ ਦਲੇਰ ਮਹਿੰਦੀ ‘ਤੇ ਵੀ ਮਨੁੱਖੀ ਤਸਕਰੀ ਦੇ ਦੋਸ਼ ਲੱਗ ਚੁੱਕੇ ਹਨ। ਪਟਿਆਲਾ ਦੀ ਹੇਠਲੀ ਅਦਾਲਤ ਨੇ ਉਸ ਨੂੰ ਮਨੁੱਖੀ ਤਸਕਰੀ ਦੇ 19 ਸਾਲ ਪੁਰਾਣੇ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਅਤੇ ਸਜ਼ਾ ਸੁਣਾਈ। ਦਲੇਰ ਮਹਿੰਦੀ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਰਿਹਾਅ ਹੋਏ ਸਨ |