ਚੰਡੀਗੜ੍ਹ, 25 ਜੂਨ 2022 : ਦੇਸ਼ ਦੇ ਉੱਤਰ-ਪੂਰਬੀ ਰਾਜ ਆਸਾਮ ਦੇ ਕਈ ਜ਼ਿਲ੍ਹਿਆਂ ‘ਚ ਨਹਿਰਾਂ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਸ਼ੁੱਕਰਵਾਰ ਨੂੰ ਅਸਾਮ ‘ਚ ਹੜ੍ਹ ਕਾਰਨ 45.34 ਲੱਖ ਲੋਕ ਪ੍ਰਭਾਵਿਤ ਹੋਏ ਸਨ। ਆਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹੜ੍ਹ ਕਾਰਨ 10 ਲੋਕਾਂ ਦੀ ਮੌਤ ਹੈ |ਜਿਸ ਤੋਂ ਬਾਅਦ ਹੁਣ ਇਸ ਸਾਲ ਅਸਾਮ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 117 ਹੋ ਗਈ ਹੈ |
ਜ਼ਿਕਰਯੋਗ ਹੈ ਕਿ ਅਸਾਮ ‘ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਕੁੱਲ 117 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 100 ਲੋਕ ਹੜ੍ਹ ਦੇ ਪ੍ਰਭਾਵ ਕਾਰਨ ਅਤੇ 17 ਲੋਕਾਂ ਦੀ ਜ਼ਮੀਨ ਖਿਸਕਣ ਕਾਰਨ ਮੌਤ ਹੋਈ ਹੈ | ਇੱਕ ਰਿਪੋਰਟ ਅਨੁਸਾਰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਅਸਾਮ ਦੇ 28 ਜ਼ਿਲ੍ਹਿਆਂ ਦੇ 2,510 ਪਿੰਡਾਂ ਵਿੱਚ ਕੁੱਲ 33,03,316 ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ, ਜਦੋਂ ਕਿ ਹੜ੍ਹਾਂ ਕਾਰਨ 91658.49 ਹੈਕਟੇਅਰ ਫਸਲੀ ਰਕਬਾ ਪ੍ਰਭਾਵਿਤ ਹੋਇਆ ਹੈ।
ਰਾਹਤ ਅਤੇ ਬਚਾਅ ਕਾਰਜ ਜਾਰੀ
ਰਾਹਤ ਅਤੇ ਬਚਾਅ ਦੇ ਲਈ ਰਾਜ ‘ਚ ਫੌਜ ਨਾਲ , ਪੁਲਿਸ ਬਲ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ), ਐਸਡੀਆਰਐਫ, ਫਾਇਰ ਅਤੇ ਐਮਰਜੈਂਸੀ ਕਰਮਚਾਰੀਆਂ ਦੇ ਜਵਾਨਾਂ ਸਮੇਤ ਆਪਦਾ ਮਿੱਤਰ ਦੇ ਵਲੰਟੀਅਰ ਲਗਾਤਾਰ ਮਦਦ ਕਰ ਰਹੇ ਹਨ। ਇਹ ਸਾਰੇ ਬਚਾਅ ਕਾਰਜ ਅਤੇ ਰਾਹਤ ਵੰਡ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਕਰਦੇ ਨਜ਼ਰ ਆ ਰਹੇ ਹਨ।
717 ਰਾਹਤ ਕੈਂਪ ਅਤੇ 409 ਰਾਹਤ ਵੰਡ ਕੇਂਦਰ ਸਥਾਪਿਤ
ਪ੍ਰਸ਼ਾਸਨ ਵੱਲੋਂ ਜਾਰੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਆਸਾਮ ਵਿੱਚ ਹੜ੍ਹਾਂ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਕੁੱਲ 717 ਰਾਹਤ ਕੈਂਪ ਅਤੇ 409 ਰਾਹਤ ਵੰਡ ਕੇਂਦਰ ਖੋਲ੍ਹੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਰਾਹਤ ਕੈਂਪਾਂ ‘ਚ ਦੋ ਲੱਖ 65 ਹਜ਼ਾਰ ਤੋਂ ਵੱਧ ਲੋਕ ਹੜ੍ਹ ਨਾਲ ਪ੍ਰਭਾਵਿਤ ਹਨ।