ਫ਼ਰੀਦਕੋਟ

ਫ਼ਰੀਦਕੋਟ ਦੇ 18 ਸਾਲਾ ਨੌਜਵਾਨ ਦਾ ਕੈਨੇਡਾ ‘ਚ ਚਾਕੂ ਮਾਰ ਕੇ ਕਤਲ, ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗ

ਫ਼ਰੀਦਕੋਟ 26 ਨਵੰਬਰ 2022: ਫ਼ਰੀਦਕੋਟ ਦੇ ਨਿਊ ਕੈਂਟ ਰੋਡ ‘ਤੇ ਰਹਿੰਦੇ ਸੇਠੀ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋ ਕੈਨੇਡਾ ਵਿਚ ਉਨ੍ਹਾਂ ਦੇ 18 ਸਾਲਾ ਪੋਤਰੇ ਮਹਿਕਪ੍ਰੀਤ ਸਿੰਘ ਸੇਠੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ | ਮਹਿਕਪ੍ਰੀਤ ਉਰਫ ਜੈਜੀ ਆਪਣੇ ਮਾਪਿਆਂ ਅਤੇ ਭੈਣ-ਭਰਾ ਨਾਲ ਪਿਛਲੇ ਕੁਝ ਸਾਲ ਤੋਂ ਕੈਨੇਡਾ ਵਿਚ ਰਹਿ ਰਿਹਾ ਸੀ |

ਪੂਰੇ ਪਰਿਵਾਰ ਨੂੰ ਕਨੈਡਾ ਦੀ ਪੀਆਰ ਦੀ ਮਿਲ ਚੁੱਕੀ ਸੀ। ਮਹਿਕਪ੍ਰੀਤ ਪੜਾਈ ਦੇ ਨਾਲ-ਨਾਲ ਨੌਕਰੀ ਵੀ ਕਰ ਰਿਹਾ ਸੀ ਅਤੇ ਉਸਦਾ ਸੁਪਨਾ ਕੈਨੇਡਾ ਆਰਮੀ ਵਿਚ ਭਰਤੀ ਹੋਣ ਦਾ ਸੀ ਲੇਕਿਨ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਲੰਘੀ 23 ਨਵੰਬਰ ਨੂੰ ਉਸਦਾ ਕੈਨੇਡਾ ਦੇ ਸਰੀ ਇਲਾਕੇ ਦੇ ਸਕੂਲ ਦੀ ਪਾਰਕਿੰਗ ਵਿਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕਤਲ ਕਰਨ ਵਾਲੇ ਨੌਜਵਾਨ ਦੀ ਉਮਰ 17 ਸਾਲ ਹੈ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫ਼ਰੀਦਕੋਟ ਵਿਚ ਉਨ੍ਹਾਂ ਦੇ ਪਰਿਵਾਰ ਵਿੱਚ ਮਾਤਮ ਛਾ ਗਿਆ। ਫਰੀਦਕੋਟ ਵਿਚ ਉਸਦੇ ਦਾਦਾ-ਦਾਦੀ, ਚਾਚਾ-ਚਾਚੀ ਸਣੇ ਹੋਰ ਪਰਿਵਾਰਕ ਮੈਂਬਰ ਰਹਿੰਦੇ ਹਨ।

ਮ੍ਰਿਤਕ ਮਹਿਕਪ੍ਰੀਤ ਦੀ ਦਾਦੀ ਅਤੇ ਸੇਵਾਮੁਕਤ ਟੀਚਰ ਬਲਜੀਤ ਕੌਰ ਨੇ ਕਿਹਾ ਕਿ ਪੋਤਰੇ ਦੀ ਮੌਤ ਨੇ ਉਨ੍ਹਾਂ ਦੀ ਉਮਰ ਘਟਾ ਦਿੱਤੀ ਹੈ। ਪਰਿਵਾਰ ਨੇ ਕੈਨੇਡਾ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਰੋਸ਼ ਜਤਾਇਆ ਕਿ ਅਜੇ ਤੱਕ ਉਨ੍ਹਾਂ ਨੇ ਹਰਪ੍ਰੀਤ ਸਿੰਘ ਅਤੇ ਨੂੰਹ ਸੀਮਾ ਨੂੰ ਪੁੱਤਰ ਦੀ ਲਾਸ਼ ਨਹੀਂ ਦਿਖਾਈ ਹੈ।ਉਨ੍ਹਾਂ ਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਲੱਗਾ ਕਿ ਮਹਿਕਪ੍ਰੀਤ ਦੇ ਚਾਕੂ ਕਿੱਥੇ ਵਜਾ ਹੈ। ਮਹਿਕਪ੍ਰੀਤ ਦੇ ਚਾਚਾ ਹਰਮੀਤ ਸਿੰਘ ਨੇ ਕਿਹਾ ਕਿ ਕੈਨੇਡਾ ਸਰਕਾਰ ਨੇ ਸਸਕਾਰ ਲਈ 5 ਦਸੰਬਰ ਦੀ ਤਾਰੀਖ਼ ਦਿੱਤੀ ਸੀ ਲੇਕਿਨ ਉਸ ਦਿਨ ਛੋਟੇ ਭਤੀਜੇ ਦਾ ਜਨਮਦਿਨ ਹੈ, ਇਸ ਲਈ ਹੁਣ ਉਨ੍ਹਾਂ ਨੇ 4 ਦਸੰਬਰ ਦੀ ਤਾਰੀਖ਼ ਲਈ ਹੈ।

Scroll to Top