ਚੰਡੀਗੜ੍ਹ 11 ਨਵੰਬਰ 2022: ਪੰਜਾਬ ‘ਚ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਹਰਿਆਣਾ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡੇਰਾ ਸੱਚਾ ਸੌਦਾ ਦੇ ਮੁੱਖ ਡੇਰੇ ਦੀ ਸੁਰੱਖਿਆ ਅਤੇ ਸ਼ੱਕੀ ਲੋਕਾਂ ‘ਤੇ ਨਿਗਰਾਨੀ ਵਧਾ ਦਿੱਤੀ ਗਈ ਹੈ। ਹਰਿਆਣਾ ਪੁਲਿਸ ਸਮੇਤ ਖੁਫੀਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਡੇਰਿਆਂ ਵਿੱਚ ਆਉਣ ਵਾਲਿਆਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
ਖਾਸ ਕਰਕੇ ਉਨ੍ਹਾਂ ਸੱਤ ਜ਼ਿਲ੍ਹਿਆਂ ਸਿਰਸਾ, ਫਤਿਹਾਬਾਦ, ਜੀਂਦ, ਅੰਬਾਲਾ, ਕੁਰੂਕਸ਼ੇਤਰ, ਕਰਨਾਲ ਅਤੇ ਕੈਥਲ ਜ਼ਿਲ੍ਹਿਆਂ ਨੂੰ ਵਿਸ਼ੇਸ਼ ਚੌਕਸੀ ਵਰਤਣ ਲਈ ਕਿਹਾ ਹੈ। ਇੱਥੇ ਡੇਰਿਆਂ ਦਾ ਜ਼ਿਆਦਾ ਪ੍ਰਭਾਵ ਹੈ। ਹਰਿਆਣਾ ਦੇ ਡੀਜੀਪੀ ਪੀਕੇ ਅਗਰਵਾਲ ਅਤੇ ਸੀਈਡੀ ਚੀਫ ਏਡੀਜੀਪੀ ਆਲੋਕ ਮਿੱਤਲ ਹਰ ਪਲ ਅਪਡੇਟ ਲੈ ਰਹੇ ਹਨ।
ਪ੍ਰਦੀਪ ਡੇਰਾ ਸੱਚਾ ਸੌਦਾ ਸਿਰਸਾ ਦਾ ਪੈਰੋਕਾਰ ਸੀ। ਉਹ 2015 ਵਿੱਚ ਬਰਗਾੜੀ, ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਮੁਲਜ਼ਮ ਸੀ ਅਤੇ ਕੁਝ ਸਮਾਂ ਪਹਿਲਾਂ ਜ਼ਮਾਨਤ ’ਤੇ ਬਾਹਰ ਆਇਆ ਸੀ। 10 ਨਵੰਬਰ ਨੂੰ ਪ੍ਰਦੀਪ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਤਣਾਅ ਪੈਦਾ ਹੋ ਗਿਆ ਹੈ। ਡੇਰਾ ਪ੍ਰੇਮੀ ਇਸ ਘਟਨਾ ਦੀ ਨਿੰਦਾ ਕਰ ਰਹੇ ਹਨ।