ਮੋਰਿੰਡਾ 14 ਦਸੰਬਰ 2021 : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਨੇ ਮੋਰਿੰਡਾ ਵਿਖੇ ਸ਼ਹਿਰ ਵਿੱਚ 100% ਵਾਟਰ ਸਪਲਾਈ ਤੇ ਸੀਵਰੇਜ, ਨਹਿਰੀ ਪਾਣੀ ਦੀ ਸਪਲਾਈ ਅਤੇ ਪੰਜ ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਪ੍ਰਬੰਧਕੀ ਕੰਪਲੈਕਸ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ਼ਹਿਰ ਵਿੱਚ ਪਾਣੀ ਦਾ ਲੈਵਲ ਡੂੰਘਾ ਹੋਣ ਕਾਰਨ ਸ਼ਹਿਰ ‘ਚ ਪਾਣੀ ਸਪਲਾਈ ਕਰਨ ਦੀ ਕਿੱਲਤ ਆ ਰਹੀ ਹੈ ਜਿਸ ਦੇ ਚੱਲਦਿਆਂ ਸ਼ਹਿਰ ਨੂੰ ਨਹਿਰੀ ਪਾਣੀ ਦੀ ਸਪਲਾਈ ਨਾਲ ਜੋੜਿਆ ਜਾਵੇਗਾ।ਇਸੇ ਤਰ੍ਹਾਂ ਸ਼ਹਿਰ ਵਿਚ 100 % ਸੀਵਰੇਜ ਦਾ ਕੰਮ ਵੀ ਮੁਕੰਮਲ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਮੋਰਿੰਡਾ ਸਬ ਡਿਵੀਜ਼ਨ ਲਈ ਪ੍ਰਬੰਧਕੀ ਕੰਪਲੈਕਸ ਦੀ ਘਾਟ ਹੈ ਜਿਸ ਲਈ ਅਨਾਜ ਮੰਡੀ ਮੋਰਿੰਡਾ ਵਿਖੇ ਪੰਜ ਕਰੋੜ ਦੀ ਲਾਗਤ ਨਾਲ ਪ੍ਰਬੰਧਕੀ ਕੰਪਲੈਕਸ ਬਣਾਇਆ ਜਾਵੇਗਾ ਜੋ ਇਕ ਸਾਲ ਵਿਚ ਮੁਕੰਮਲ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਉਨ੍ਹਾਂ ਆਮ ਆਦਮੀ ਪਾਰਟੀ (AAM Admi Party) ਦੀ ਸਥਿਤੀ ਤੇ ਵੀ ਤੰਜ ਕੱਸੇ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਾਲਤ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਵੀ ਮਾੜੀ ਹੋ ਚੁੱਕੀ ਹੈ।