ਮਜੀਠਾ 13 ਅਕਤੂਬਰ 2022: ਮਜੀਠਾ (Majitha) ਵਿਖੇ ਆਪ ਨੇਤਾਵਾਂ ਨੇ ਡੀ.ਐੱਸ.ਪੀ ਮਜੀਠਾ ‘ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ | ਜਿਸ ਦੇ ਚੱਲਦੇ ‘ਆਪ’ ਨੇਤਾ ਗੁਰਭੇਜ ਸਿੰਘ ਸਿੱਧੂ ਵੱਲੋਂ ਡੀ.ਐੱਸ.ਪੀ ਮਜੀਠਾ ਮਨਮੋਹਨ ਸਿੰਘ ਔਲਖ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ | ਗੁਰਭੇਜ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਵਲੋਂ ਆਪਣੇ ਇਲਾਕੇ ਵਿੱਚ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਸੀ ਕਿ ਪੁਲਿਸ ਸਟੇਸ਼ਨ ਕਿਸੇ ਦੀ ਜਾਗੀਰ ਨਹੀਂ ਹੈ |
ਉਨ੍ਹਾਂ ਨੇ ਕਿਹਾ ਕਿ ਪੁਲਿਸ ਸਟੇਸ਼ਨ ”ਚ ਬੈਠੇ ਪੁਲਿਸ ਅਫ਼ਸਰ ਵੀ ਲੋਕਾਂ ਦੀ ਹਿਫ਼ਾਜ਼ਤ ਵਾਸਤੇ ਹੀ ਬੈਠੇ ਹਨ | ਇਸਦੇ ਨਾਲ ਹੀ ਉਨ੍ਹਾਂ ਨੇ ਡੀ.ਐੱਸ.ਪੀ ਮਜੀਠਾ ਵੱਲੋਂ ਉਨ੍ਹਾਂ ਨੂੰ ਆਪਣੇ ਦਫ਼ਤਰ ਬੁਲਾ ਕੇ ਆਪਣੇ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੀ ਗ਼ਲਤ ਸ਼ਬਦਾਵਲੀ ਬੋਲ ਕੇ ਜ਼ਲੀਲ ਕਰਨ ਦੇ ਦੋਸ਼ ਲਾਏ ਹਨ | ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨ ਪਹਿਲਾਂ ਵੀ ਮਜੀਠਾ ਹਲਕੇ ਦੇ ਪੱਤਰਕਾਰਾਂ ਵੱਲੋਂ ਹੀ ਡੀ.ਐੱਸ.ਪੀ ਮਜੀਠਾ ਦੀਆਂ ਮਨਮਾਨੀਆਂ ਕਾਰਨ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ |
ਉਨ੍ਹਾਂ ਕਿਹਾ ਕਿ ਡੀ.ਐੱਸ.ਪੀ ਮਜੀਠਾ ਦੀਆਂ ਆਪ ਹੁਦਰੀਆਂ ਕਾਰਨ ਉਹ ਹੁਣ ਅੰਮ੍ਰਿਤਸਰ ਦੇ ਐੱਸਐੱਸਪੀ ਅਤੇ ਆਈਜੀ ਬਾਰਡਰ ਰੇਂਜ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਹਨ ਅਤੇ ਮੰਗ ਕਰਦੇ ਹਨ ਕਿ ਡੀ.ਐੱਸ.ਪੀ ਮਜੀਠਾ ਦੀ ਪਾਰਦਰਸ਼ੀ ਜਾਂਚ ਹੋਵੇ, ਤਾਂ ਜੋ ਕਿ ਆਉਣ ਵਾਲੇ ਸਮੇਂ ਵਿੱਚ ਡੀ.ਐੱਸ.ਪੀ ਮਜੀਠਾ ਮਨਮੋਹਨ ਸਿੰਘ ਔਲਖ ਆਪਣੀਆਂ ਮਨਮਾਨੀਆਂ ਨਾ ਕਰੇ |
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਸੀ ਕਿ ਹੁਣ ਪੰਜਾਬ ਪੁਲਿਸ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਦਬਾਅ ਵਿਚ ਕੰਮ ਨਹੀਂ ਕਰੇਗੀ ਅਤੇ ਹੁਣ ‘ਆਪ’ ਨੇਤਾ ਇਸ ਡੀ.ਐੱਸ.ਪੀ ਮਜੀਠਾ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ |