ਅੰਮ੍ਰਿਤਸਰ 31 ਅਕਤੂਬਰ 2022: ਸਵੇਰੇ ਤੜਕਸਾਰ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਵਿੱਚ ਸਥਿਤ ਇਕ ਇਲੈਕਟ੍ਰੋਨਿਕ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਨਾਲ ਹਫੜਾ ਦਫੜੀ ਮੱਚ ਗਈ | ਅੱਗ ਦੀਆਂ ਲਪਟਾਂ ਦੇਖ ਕੇ ਸਥਾਨਕ ਲੋਕਾਂ ਨੇ ਇਲੈਕਟ੍ਰੋਨਿਕ ਗੋਦਾਮ ਦੇ ਮਾਲਕ ਅਤੇ ਅਤੇ ਫਾਇਰ ਸਕਿਉਰਿਟੀ ਨੂੰ ਸੂਚਿਤ ਕੀਤਾ | ਮੌਕੇ’ ਤੇ ਹੀ ਫਾਇਰ ਸਕਿਉਰਿਟੀ ਵੱਲੋਂ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ | ਇਸ ਦੌਰਾਨ ਕਰੀਬ 6 ਫਾਇਰ ਸਕਿਉਰਿਟੀ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾ ਲਿਆ |
ਇਸ ਘਟਨਾ ਵਿਚ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ | ਪਰ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਚ ਅਤਿ-ਆਧੁਨਿਕ ਤਕਨੀਕ ਨਾਲ ਤਿਆਰ ਕੀਤੀ ਫਾਇਰ ਸਕਿਉਰਿਟੀ ਦੀ ਗੱਡੀ ਇਸ ਅੱਗ ਨੂੰ ਕੰਟਰੋਲ ਕਰਨ ਵੇਲੇ ਦਿਖਾਈ ਹੀ ਨਹੀਂ ਦਿੱਤੀ | ਬਹੁਤੇ ਲੋਕਾਂ ਦਾ ਕਹਿਣਾ ਸੀ ਕਿ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਆਪਣੀ ਵਾਹ-ਵਾਹੀ ਖੱਟਣ ਲਈ ਸਰਕਾਰ ਦੇ ਖਜ਼ਾਨੇ ਦਾ ਅੱਠ ਕਰੋੜ ਰੁਪਏ ਫਜ਼ੂਲ ਖ਼ਰਚ ਕਰਵਾਇਆ ਹੈ |
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੋਦਾਮ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦਾ ਗੁਦਾਮ ਕਾਫੀ ਵੱਡਾ ਹੈ ਅਤੇ ਉਸ ਵਿੱਚ ਕਰੀਬ 100 ਤੋਂ ਵੱਧ ਏ.ਸੀ ਅਤੇ ਗੀਜ਼ਰ ਅਤੇ ਹੋਰ ਇਲੈਕਟ੍ਰੋਨਿਕ ਦਾ ਸਾਮਾਨ ਪਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਛੇ ਵਜੇ ਦੇ ਕਰੀਬ ਫੋਨ ਆਇਆ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਗੋਦਾਮ ਵਿਚ ਅੱਗ ਲੱਗੀ ਹੈ ਅਤੇ ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਨਾਲ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਅਤੇ ਗਨੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਕਿਸੇ ਦੀ ਜਾਨ ਨਹੀਂ ਗਈ |
ਦੂਜੇ ਪਾਸੇ ਅੱਗ ਨੂੰ ਕੰਟਰੋਲ ਕਰਨ ਆਏ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬਹੁਤ ਭਿਆਨਕ ਸੀ ਅਤੇ ਅੱਗ ਨੂੰ ਕੰਟਰੋਲ ਕਰਨਾ ਬਹੁਤ ਹੀ ਮੁਸ਼ਕਲ ਸੀ, ਜਿਸ ਕਰਕੇ ਉਨ੍ਹਾਂ ਵੱਲੋਂ ਨਜ਼ਦੀਕ ਦੂਸਰੀਆਂ ਬਿਲਡਿੰਗਾਂ ਦੀਆਂ ਕੰਧਾਂ ਤੋੜ ਕੇ ਅੱਗ ਨੂੰ ਕੰਟਰੋਲ ਕੀਤਾ ਗਿਆ ਅਤੇ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ | ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਨੂੰ ਕੰਟਰੋਲ ਕਰਨ ਲਈ ਕਰੀਬ 6 ਗੱਡੀਆਂ ਦਾ ਇਸਤੇਮਾਲ ਹੋਇਆ ਹੈ ਹੁਣ ਸਥਿਤੀ ਨੂੰ ਕੰਟਰੋਲ ਵਿੱਚ ਕਰ ਲਿਆ ਹੈ |