ਚੰਡੀਗੜ, 10 ਮਾਰਚ 2023: ਨਵੀਆਂ ਕਹਾਣੀਆਂ ਅਤੇ ਉਸ ਵਿੱਚ ਨਿਭਾਏ ਵਿਲੱਖਣ ਕਿਰਦਾਰ ਹਮੇਸ਼ਾਂ ਦਰਸ਼ਕਾਂ ਦੀ ਭਾਵਨਾ ਨੂੰ ਉਤਸ਼ਾਹਿਤ ਅਤੇ ਆਕਰਸ਼ਿਤ ਕਰਦੇ ਹਨ। ਫਿਲਮ “ਏਸ ਜਹਾਨੋ ਦੂਰ ਕਿਤੇ-ਚੱਲ ਜਿੰਦੀਏ” ਨੀਰੂ ਬਾਜਵਾ ਐਂਟਰਟੇਨਮੈਂਟ ਅਤੇ ਘੈਂਟ ਬੁਆਏਜ਼ ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਅਤੇ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਕੀਤੀ ਗਈ ਹੈ। 24 ਮਾਰਚ, 2023 ਨੂੰ ਰਿਲੀਜ਼ ਹੋਣ ਵਾਲੀ ਫਿਲਮ “ਏਸ ਜਹਾਨੋ ਦੂਰ ਕਿਤੇ-ਚੱਲ ਜਿੰਦੀਏ” ਜਾਣੀਆਂ-ਪਛਾਣੀਆਂ ਪਰ ਅਣਕਹੀਆਂ ਕਹਾਣੀਆਂ ਤੇ ਅਧਾਰਿਤ ਹੈ।
ਇਹ ਫ਼ਿਲਮ ਉਦੈ ਪ੍ਰਤਾਪ ਸਿੰਘ ਦੁਆਰਾ ਨਿਰਦੇਸ਼ਤ ਅਤੇ ਜਗਦੀਪ ਵੜਿੰਗ ਦੁਆਰਾ ਲਿਖੀ ਗਈ ਹੈ। ਟ੍ਰੇਲਰ ਅਨੁਸਾਰ, ਕੁਲਵਿੰਦਰ ਬਿੱਲਾ ਅਤੇ ਆਦਿਤੀ ਸ਼ਰਮਾ ਪ੍ਰਦੇਸਾਂ ਵਿੱਚ ਪੜਾਈ ਕਰਨ ਅਤੇ ਕੰਮ ਦੀ ਭਾਲ ਲਈ ਬਾਹਰ ਜਾਂਦੇ ਹਨ ਤੇ ਉਹਨਾਂ ਦਾ ਉੱਥੇ ਰਹਿਣਾ ਇੱਕ ਵੱਡੀ ਮਜ਼ਬੂਰੀ ਬਣ ਗਿਆ ਹੈ ਜਿਸ ਕਰਕੇ ਉਹ ਪਿੰਡ ਵਾਪਿਸ ਆ ਨਹੀਂ ਸਕਦੇ। ਉਹ ਦੋਨੋਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਸ਼ਾਮ ਤੋਂ ਸਵੇਰ ਤੱਕ ਸਖਤ ਮਿਹਨਤ ਕਰਦੇ ਹਨ ਅਤੇ ਇਸ ਦੌਰਾਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ।
ਨੀਰੂ ਬਾਜਵਾ ਫਿਲਮ ਵਿੱਚ ਇੱਕ ਸੰਵੇਦਨਸ਼ੀਲ ਕਿਰਦਾਰ ਦੇ ਰੂਪ ਵਿੱਚ ਪ੍ਰਦੇਸ ਵਿੱਚ ਕਈ ਮੁਸੀਬਤਾਂ ਦਾ ਸਾਹਮਣਾ ਕਰ ਰਹੀ ਇੱਕ ਮਾਂ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਜੱਸ ਬਾਜਵਾ ਵਿਦੇਸ਼ ਵਿੱਚ ਰਹਿੰਦੇ ਇੱਕ ਮਜ਼ਬੂਰ ਇਨਸਾਨ ਦਾ ਕਿਰਦਾਰ ਨਿਭਾਉਣਗੇ ਜੋ ਆਪਣੀ ਜਨਮ ਭੂਮੀ ਵਾਪਸ ਪਰਤਣਾ ਚਾਹੁੰਦਾ ਹੈ ਅਤੇ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ ਹੈ, ਜਿਸਨੂੰ ਛੋਟੇ ਹੁੰਦੇ ਮਾੜੇ ਹਾਲਾਤਾਂ ਕਰਕੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਸੀ।
ਇਸ ਤੋਂ ਬਾਅਦ, ਕਹਾਣੀ ਦੇ ਇੱਕ ਹੋਰ ਪਹਿਲੂ ਵਿੱਚ, ਗੁਰਪ੍ਰੀਤ ਘੁੱਗੀ ਅਤੇ ਰੁਪਿੰਦਰ ਰੂਪੀ ਦੁਖਦਾਈ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ ਜਿੱਥੇ ਉਨ੍ਹਾਂ ਨੂੰ ਆਪਣੇ ਬੱਚਿਆਂ ਦੁਆਰਾ ਕੋਈ ਸਨਮਾਨ ਅਤੇ ਪਿਆਰ ਨਹੀਂ ਮਿਲਦਾ। ਇਸ ਲਈ ਉਹ ਸ਼ਾਂਤਮਈ ਜ਼ਿੰਦਗੀ ਜਿਉਣ ਲਈ ਪੰਜਾਬ ਵਿੱਚ ਆਪਣੇ ਪਿੰਡ ਪਰਤਣਾ ਚਾਹੁੰਦੇ ਹਨ।
ਫ਼ਿਲਮ ਦਾ ਸੰਗੀਤ ਵਿਹਲੀ ਜਨਤਾ ਰਿਕਾਰਡਜ਼ ਦੇ ਲੇਬਲ ਹੇਠ ਪੇਸ਼ ਕੀਤਾ ਗਿਆ ਹੈ ਅਤੇ ਫ਼ਿਲਮ ਦਾ ਬੈਕਗ੍ਰਾਊਂਡ ਸਕੋਰ ਰਾਜੂ ਸਿੰਘ ਨੇ ਦਿੱਤਾ ਹੈ। ਫਿਲਮ ਨੂੰ ਓਮਜੀ ਸਟਾਰ ਸਟੂਡੀਓਜ਼ ਦੁਆਰਾ ਵਿਸ਼ਵ ਭਰ ਵਿੱਚ ਪ੍ਰਸਾਰਿਤ ਕੀਤਾ ਜਾਵੇਗਾ। ਫਿਲਮ ਦੇ ਦਿਲਚਸਪ ਕਿਰਦਾਰ ਇੱਕ ਕਹਾਣੀ ਬਿਆਨ ਕਰਦੇ ਹਨ ਕਿ ਕਿਵੇਂ ਪਰਾਏ ਦੇਸ਼ ਵਿੱਚ ਆਪਣੇ ਹੀ ਇੱਕ ਦੋਸਤ, ਪਰਿਵਾਰ ਅਤੇ ਪ੍ਰੇਮੀ ਦੇ ਰੂਪ ਵਿੱਚ ਸਾਥ ਦਿੰਦੇ ਹਨ। ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਇਹ ਘਟਨਾਵਾਂ ਇਨ੍ਹਾਂ ਲੋਕਾਂ ਦੇ ਜੀਵਨ ਨੂੰ ਇਸ ਤਰ੍ਹਾਂ ਜੋੜਦੀਆਂ ਹਨ ਕਿ ਉਹ ਇੱਕ ਦੂਜੇ ਦਾ ਸਾਥ ਦੇਣਾ ਸ਼ੁਰੂ ਕਰ ਦਿੰਦੇ ਹਨ। ਫਿਲਮ ਨਾ ਸਿਰਫ ਇੱਕ ਕਹਾਣੀ ਬਿਆਨ ਕਰਦੀ ਹੈ ਬਲਕਿ ਵਿਦੇਸ਼ ਵਿੱਚ ਰਹਿਣ ਵਾਲੇ ਹਰ ਵਿਅਕਤੀ ਦੇ ਰੋਜ਼ਾਨਾ ਦੇ ਅਨੁਭਵਾਂ ਨਾਲ ਰੂਬਰੂ ਕਰਵਾਉਂਦੀ ਹੈ।