ਕਿੱਲਿਆਂਵਾਲੀ

ਪੁਲਿਸ ਚੌਕੀ ਕਿੱਲਿਆਂਵਾਲੀ ਦੇ ਏ.ਐਸ.ਆਈ ‘ਤੇ ਰਿਸ਼ਵਤਖੋਰੀ ਦੇ ਦੋਸ਼ਾਂ ਤਹਿਤ ਕੇਸ ਦਰਜ

ਸ੍ਰੀ ਮੁਕਤਸਰ ਸਾਹਿਬ 08 ਅਪ੍ਰੈਲ 2022: ਸ੍ਰੀ ਮੁਕਤਸਰ ਸਾਹਿਬ-ਵਿਜੀਲੈਂਸ ਬਿਊਰੋ ਨੇ ਲੰਬੀ ਬਲਾਕ ਦੇ ਪਿੰਡ ਵੜਿੰਗ ਖੇੜਾ ਦੇ ਵਸਨੀਕ ਇੱਕ ਵਿਅਕਤੀ ਤੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਪੁਲਿਸ ਚੌਕੀ ਕਿੱਲਿਆਂਵਾਲੀ ਦੇ ਏ.ਐਸ.ਆਈ ਹਰਜੀਤ ਸਿੰਘ ਖਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਏਐਸਆਈ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਏ.ਐੱਸ.ਆਈ ‘ਤੇ ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ। ਡੀਐਸਪੀ ਸੰਦੀਪ ਸਿੰਘ ਨੇ ਦੱਸਿਆ ਕਿ ਪਿੰਡ ਵੜਿੰਗ ਖੇੜਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ‘ਤੇ ਉਹ ਅਦਾਲਤ ਗਿਆ। ਅਦਾਲਤ ਨੇ ਮਾਮਲੇ ਦੀ ਜਾਂਚ ਲਈ ਪੁਲੀਸ ਨੂੰ ਉਸ ਨੂੰ ਜਾਂਚ ਵਿੱਚ ਸ਼ਾਮਲ ਕਰਨ ਦੇ ਹੁਕਮ ਦਿੱਤੇ ਸਨ ਪਰ ਇਸ ਕੇਸ ਦੀ ਦੇਖ-ਰੇਖ ਕਰ ਰਹੇ ਏਐਸਆਈ ਹਰਜੀਤ ਸਿੰਘ ਨੇ ਉਸ ਨੂੰ ਜਾਂਚ ਵਿਚ ਸ਼ਾਮਲ ਕਰਨ ਦੇ ਬਦਲੇ ਦਸ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।

ਬੀਤੀ 5 ਅਪਰੈਲ ਨੂੰ ਗੁਰਦੀਪ ਨੇ ਏਐਸਆਈ ਹਰਜੀਤ ਨੂੰ ਕੁਝ ਪੈਸੇ ਦਿੰਦੇ ਹੋਏ ਆਪਣੇ ਮੋਬਾਈਲ ’ਤੇ ਵੀਡੀਓ ਬਣਾ ਲਈ ਸੀ। ਵੀਡੀਓ ਵਿੱਚ ਏਐਸਆਈ ਹਰਜੀਤ ਸਿੰਘ ਗੁਰਦੀਪ ਸਿੰਘ ਨੂੰ ਪੈਸੇ ਵਾਪਸ ਕਰ ਰਿਹਾ ਹੈ, ਉਸਨੂੰ ਸਾਰੇ ਪੈਸੇ ਲਿਆਉਣ ਲਈ ਕਹਿ ਰਿਹਾ ਹੈ। ਇਸ ਤੋਂ ਬਾਅਦ ਗੁਰਦੀਪ ਸਿੰਘ ਨੇ ਐਂਟੀ ਕੁਰੱਪਸ਼ਨ ਹੈਲਪਲਾਈਨ ਨੂੰ ਵੀਡੀਓ ਭੇਜ ਕੇ ਸ਼ਿਕਾਇਤ ਕੀਤੀ ਸੀ। ਜਾਂਚ ਦੇ ਹੁਕਮ ਮਿਲੇ ਹਨ। ਵੀਡੀਓ ਦੀ ਜਾਂਚ ਤੋਂ ਬਾਅਦ ਸ਼ੁੱਕਰਵਾਰ ਨੂੰ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਏ.ਐਸ.ਆਈ ਹਰਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਸ ਦੀ ਭਾਲ ਜਾਰੀ ਹੈ।

Scroll to Top