July 1, 2024 12:27 am
Morbi bridge

ਮੋਰਬੀ ਪੁਲ ਹਾਦਸੇ ਮਾਮਲੇ ‘ਚ 9 ਗ੍ਰਿਫਤਾਰ, PM ਮੋਦੀ ਕੱਲ੍ਹ ਘਟਨਾ ਸਥਾਨ ਦਾ ਕਰਨਗੇ ਦੌਰਾ

ਚੰਡੀਗੜ੍ਹ 31 ਅਕਤੂਬਰ 2022: ਗੁਜਰਾਤ ਦੇ ਮੋਰਬੀ ਵਿੱਚ ਕੇਬਲ ਪੁਲ ਦੇ ਡਿੱਗਣ ਕਾਰਨ ਹੁਣ ਤੱਕ 140 ਤੋਂ ਵੱਧ ਜਣਿਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਸੂਚਨਾ ਵਿਭਾਗ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਕਰੀਬ 177 ਜਣਿਆਂ ਨੂੰ ਬਚਾ ਲਿਆ ਗਿਆ ਹੈ। 19 ਜਣਿਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਭਾਰਤੀ ਫੌਜ, ਨੇਵੀ, ਏਅਰ ਫੋਰਸ, ਐਨਡੀਆਰਐਫ, ਫਾਇਰ ਬ੍ਰਿਗੇਡ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਨਦੀ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਭਾਰਤੀ ਫੌਜ ਦੇ ਮੇਜਰ ਗੌਰਵ ਨੇ ਦੱਸਿਆ ਕਿ ਬਚਾਅ ਕਾਰਜ ਲਗਾਤਾਰ ਜਾਰੀ ਹੈ। ਭਾਰਤੀ ਫੌਜ ਰਾਤ ਕਰੀਬ ਤਿੰਨ ਵਜੇ ਇੱਥੇ ਪਹੁੰਚੀ ਸੀ। ਲਾਸ਼ਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਨਡੀਆਰਐੱਫ ਦੀਆਂ ਟੀਮਾਂ ਵੀ ਬਚਾਅ ਕਾਰਜ ਚਲਾ ਰਹੀਆਂ ਹਨ | ਰਾਜਕੋਟ ਰੇਂਜ ਦੇ ਆਈਜੀ ਅਸ਼ੋਕ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 114, 304, 308 ਦੇ ਤਹਿਤ 9 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਓਰੇਵਾ ਕੰਪਨੀ ਦੇ ਮੈਨੇਜਰ, ਟਿਕਟ ਕਲਰਕ, ਪੁਲ ਦੀ ਮੁਰੰਮਤ ਕਰਨ ਵਾਲੇ ਠੇਕੇਦਾਰ ਆਦਿ ਸ਼ਾਮਲ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਘਟਨਾ ਸਥਾਨ ਦਾ ਦੌਰਾ ਕਰਨਗੇ।