ਚੰਡੀਗੜ੍ਹ 19 ਅਕਤੂਬਰ 2022: ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (Prashant Kishore ) ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (Chief Minister Nitish Kumar) ਭਾਜਪਾ ਦੇ ਸੰਪਰਕ ਵਿੱਚ ਹਨ ਅਤੇ ਜੇਕਰ ਸਥਿਤੀ ਇਸ ਤਰ੍ਹਾਂ ਦੀ ਮੰਗ ਕਰਦੀ ਹੈ ਤਾਂ ਉਹ ਭਾਜਪਾ ਨਾਲ ਦੁਬਾਰਾ ਗੱਠਜੋੜ ਵੀ ਕਰ ਸਕਦੇ ਹਨ। ਦੂਜੇ ਪਾਸੇ ਜੇਡੀਯੂ ਨੇ ਉਨ੍ਹਾਂ ਦੇ ਬਿਆਨ ਨੂੰ ਗੁੰਮਰਾਹਕੁੰਨ ਕਰਾਰ ਦਿੱਤਾ ਹੈ।
ਪ੍ਰਸ਼ਾਂਤ ਕਿਸ਼ੋਰ (Prashant Kishore) ਇਨ੍ਹੀਂ ਦਿਨੀਂ ਬਿਹਾਰ ‘ਚ ਪਦਯਾਤਰਾ ਕਰ ਰਹੇ ਹਨ। ਇਸ ਦੌਰੇ ਨੂੰ ਉਨ੍ਹਾਂ ਦੀ ਸਰਗਰਮ ਸਿਆਸਤ ਵਿੱਚ ਐਂਟਰੀ ਵਜੋਂ ਦੇਖਿਆ ਜਾ ਰਿਹਾ ਹੈ। ਕਿਸ਼ੋਰ ਨੇ ਕਿਹਾ ਕਿ ਨਿਤੀਸ਼ ਕੁਮਾਰ ਨੇ ਜਨਤਾ ਦਲ (ਯੂ) ਦੇ ਸੰਸਦ ਮੈਂਬਰ ਅਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਰਾਹੀਂ ਭਾਜਪਾ ਨਾਲ ਗੱਲਬਾਤ ਦੀ ਇੱਕ ਲਾਈਨ ਖੁੱਲ੍ਹੀ ਰੱਖੀ ਹੈ। ਹਾਲਾਂਕਿ ਪਾਰਟੀ ਨੇ ਹਰੀਵੰਸ਼ ਬਾਰੇ ਉਨ੍ਹਾਂ ਦੀ ਟਿੱਪਣੀ ਨੂੰ ਰੱਦ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਨਿਤੀਸ਼ ਕੁਮਾਰ ਕਦੇ ਵੀ ਭਾਜਪਾ ਨਾਲ ਹੱਥ ਨਹੀਂ ਮਿਲਾਉਣਗੇ।
ਕਿਸ਼ੋਰ ਨੇ ਕਿਹਾ, “ਜੋ ਲੋਕ ਇਹ ਸੋਚ ਰਹੇ ਹਨ ਕਿ ਨਿਤੀਸ਼ ਕੁਮਾਰ ਭਾਜਪਾ ਦੇ ਖਿਲਾਫ ਇੱਕ ਸਰਗਰਮ ਰਾਸ਼ਟਰੀ ਗਠਜੋੜ ਬਣਾ ਰਹੇ ਹਨ, ਉਨ੍ਹਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਨ੍ਹਾਂ ਨੇ ਭਾਜਪਾ ਲਈ ਲਾਈਨ ਖੁੱਲੀ ਰੱਖੀ ਹੈ। ਉਹ ਆਪਣੀ ਪਾਰਟੀ ਦੇ ਸੰਸਦ ਮੈਂਬਰ ਅਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਰਾਹੀਂ ਭਾਜਪਾ ਦੇ ਸੰਪਰਕ ਵਿੱਚ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਜਨਤਾ ਦਲ (ਯੂ) ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਹੈ, ਪਰ ਹਰੀਵੰਸ਼ ਨੂੰ ਇਸੇ ਕਾਰਨ ਰਾਜ ਸਭਾ ਦੇ ਉਪ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਨਾ ਦੇਣ ਲਈ ਕਿਹਾ ਗਿਆ ਹੈ।