ਫਾਜ਼ਿਲਕਾ, 20 ਮਈ 2024: ਲੋਕ ਸਭਾ ਚੋਣਾਂ 2024 (Lok Sabha elections) ਵਿਚ ਚੋਣ ਅਮਲੇ ਨੂੰ ਸਿਖਲਾਈ ਦੇਣ ਲਈ ਬੀਤੇ ਦਿਨ ਇੱਥੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਵਿਖੇ ਟ੍ਰੇਨਿੰਗ ਕਰਵਾਈ ਗਈ। ਇਸ ਮੌਕੇ ਵਿਸੇਸ਼ ਤੌਰ ਤੇ ਪਹੁੰਚੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਕੇਸ਼ ਕੁਮਾਰ ਪੋਪਲੀ ਪੀਸੀਐਸ ਨੇ ਕਿਹਾ ਕਿ ਚੋਣ ਡਿਊਟੀ ‘ਤੇ ਤਾਇਨਾਤ ਚੋਣ ਅਮਲਾ ਆਪਣੀ ਵੋਟ ਪੋਸਟਲ ਬੈਲਟ ਜਾਂ ਈਡੀਸੀ ਨਾਲ ਜਰੂਰ ਪਾਵੇ।
ਉਨ੍ਹਾਂ ਨੇ ਕਿਹਾ ਕਿ ਬੀਤੇ ਸਾਰੇ ਚੋਣ ਅਮਲੇ ਤੋਂ ਇਸ ਲਈ ਫਾਰਮ 12 ਜਾਂ 12 ਏ ਭਰਵਾਏ ਜਾ ਰਹੇ ਹਨ ਅਤੇ ਇਸ ਅਨੁਸਾਰ ਕਰਮਚਾਰੀ ਦੀ ਇੱਛਾ ਅਨੁਸਾਰ ਉਸਨੂੰ ਪੋਸਟਲ ਬੈਲਟ ਜਾਂ ਈਡੀਸੀ ਜਾਰੀ ਕੀਤਾ ਜਾਵੇਗਾ। ਈਡੀਸੀ ਨਾਲ ਕਰਮਚਾਰੀ ਉਸੇ ਬੂਥ (Lok Sabha elections) ‘ਤੇ ਵੋਟ ਪਾ ਸਕੇਗਾ ਜਿੱਥੇ ਉਸਦੀ ਡਿਊਟੀ ਹੋਵੇਗੀ ਜਦ ਕਿ ਪੋਸਟਲ ਬੈਲਟ ਨਾਲ ਕਰਮਚਾਰੀ ਇਸ ਲਈ ਸਥਾਪਿਤ ਫੈਸਲੀਟੇਸ਼ਨ ਸੈਂਟਰ ਤੇ ਅਗਲੀ ਟ੍ਰੈਨਿੰਗ ਵਾਲੇ ਦਿਨ ਜਾਂ ਪੋਸਟਲ ਬੈਲਟ ਸੈਂਟਰ ਤੇ ਵੋਟ ਪਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਵੋਟ ਸਾਡਾ ਅਧਿਕਾਰ ਹੈ ਅਤੇ ਸਭ ਨੂੰ ਇਸਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਇਸ ਮੌਕੇ ਉਨ੍ਹਾਂ ਨੇ ਸਿਖਲਾਈ ਲੈ ਰਹੇ ਸਰਕਾਰੀ ਕਰਮੀਆਂ ਨੂੰ ਕਿਹਾ ਕਿ ਇਸ ਵਾਰ ਲੋਕ ਸਭਾ ਹਲਕੇ ਵਿਚ 29 ਉਮੀਦਵਾਰ ਹਨ ਅਤੇ ਦੋ ਬੈਲਟ ਯੂਨਿਟ ਲੱਗਣਗੇ। ਇਸ ਲਈ ਕਰਮਚਾਰੀ ਇਸ ਸਬੰਧੀ ਪੂਰੀ ਸਿਖਲਾਈ ਲੈ ਕੇ ਜਾਣ।ਉਨ੍ਹਾਂ ਨੇ ਕਿਹਾ ਕਿ ਚੋਣ ਡਿਊਟੀ ਕਰਨਾ ਮਾਣ ਵਾਲੀ ਗੱਲ ਹੁੰਦੀ ਹੈ ਅਤੇ ਕਰਮਚਾਰੀ ਫਖ਼ਰ ਨਾਲ ਲੋਕਤੰਤਰ ਦੀ ਮਜ਼ਬੂਤੀ ਵਿਚ ਆਪਣਾ ਯੋਗਦਾਨ ਪਾਉਣ ਅਤੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਚੋਣ ਕਮਿਸ਼ਨ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਪੂਰੀ ਕਰਨ।
ਇਸ ਮੌਕੇ ਐਸਡੀਐਮ ਫਾਜ਼ਿਲਕਾ ਵਿਪਨ ਭੰਡਾਰੀ, ਨਾਇਬ ਤਹਿਸੀਲਦਾਰ ਹਰਪ੍ਰੀਤ ਸਿੰਘ ਦੀ ਨਿਗਰਾਨੀ ਵਿਚ ਮਾਸਟਰ ਟ੍ਰੇਨਰਾਂ ਵੱਲੋਂ ਚੋਣ ਅਮਲੇ ਨੂੰ ਛੋਟੇ ਛੋਟੇ ਸਮੂਹਾਂ ਵਿਚ ਬਰੀਕੀ ਨਾਲ ਚੋਣ ਪ੍ਰਕਿਆ ਦੀ ਸਿਖਲਾਈ ਕਰਵਾਈ ਗਈ।