ਚੰਡੀਗੜ੍ਹ, 8 ਅਗਸਤ 2023: ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ, ਸਤਲੁਜ, ਬੁੱਢਾ ਦਰਿਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੁਧਿਆਣਾ (Ludhiana) ਨਗਰ ਨਿਗਮ ਦੀ ਚੋਣ ਦੇ ਖ਼ਾਸ ਧਿਆਨ ਦੇਣ | ਉਨ੍ਹਾਂ ਕਿਹਾ ਕਿ ਲੁਧਿਆਣਾ ਨਗਰ ਨਿਗਮ ਦੀ ਚੋਣ ਪੰਜਾਬ ਦੇ ਪ੍ਰਦੂਸ਼ਣ ਦੇ ਮਸਲੇ ਲਈ ਬਹੁਤ ਅਹਿਮ ਹੈ। ਪੰਜਾਬ ਦਾ ਸਭ੍ਹ ਤੋਂ ਵੱਡਾ ਪ੍ਰਦੂਸ਼ਣ ਦਾ ਸਰੋਤ ਬੁੱਢਾ ਦਰਿਆ ਹੈ ਜੋ ਲੁਧਿਆਣੇ ਵਿੱਚੋਂ ਲੰਘਦਿਆਂ ਲੰਘਦਿਆਂ ਨਰਕ ਬਣ ਜਾਂਦਾ ਹੈ ਅਤੇ ਸਤਲੁਜ ਨੂੰ ਵੀ ਆਪਣੇ ਨਾਲ ਜ਼ਹਿਰੀ ਕਰ ਦਿੰਦਾ ਹੈ।
ਪਬਲਿਕ ਐਕਸ਼ਨ ਕਮੇਟੀ ਨੇ ਕਿਹਾ ਕਿ ਇਸ ਦੇ ਦਹਾਕਿਆਂ ਤੋਂ ਸਾਫ਼ ਨਾਂ ਹੋ ਸਕਣ ਦਾ ਕਾਰਨ ਲੁਧਿਆਣੇ ਦਾ ਨਗਰ ਨਿਗਮ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਲੁਧਿਆਣੇ ਸ਼ਹਿਰ ਦੀ ਗੰਦੀ ਸਿਆਸਤ ਹੈ। ਨਗਰ ਨਿਗਮ ਲੁਧਿਆਣਾ ਦੀ ਚੋਣ ਇਸ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹੈ ਕਿਉਂਕਿ ਨਗਰ ਨਿਗਮ ਵਿੱਚ ਘਟਿਆ ਮਿਆਰ ਦੇ ਕੌਂਸਲਰ ਅਤੇ ਮੇਅਰ ਚੁਣੇ ਜਾਣ ਨਾਲ ਉਸਦੀ ਕਾਰਜਸ਼ੈਲੀ ਭ੍ਰਿਸ਼ਟ ਹੋ ਜਾਂਦੀ ਹੈ ਅਤੇ ਬੁੱਢੇ ਦਰਿਆ ਨੂੰ ਹੱਲ ਕਰਨਾ ਕਿਸੇ ਦੀ ਤਰਜੀਹ ਨਹੀਂ ਰਹਿ ਜਾਂਦੀ।
ਪਬਲਿਕ ਐਕਸ਼ਨ ਕਮੇਟੀ ਦੇ ਮੁਤਾਬਕ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਵਿੱਚ ਜਿੰਨਾ ਸੁਧਾਰ ਹੋਵੇਗਾ ਉਸਦਾ ਸਿੱਧਾ ਅਸਰ ਬੁੱਢੇ ਦਰਿਆ ਅਤੇ ਪੰਜਾਬ ਦੇ ਪ੍ਰਦੂਸ਼ਣ ‘ਤੇ ਪਵੇਗਾ। ਸਾਰੇ ਪੰਜਾਬ ਨੂੰ ਲੁਧਿਆਣੇ ਦੀ ਨਗਰ ਨਿਗਮ ਚੋਣ ਸਹੀ ਕਰਵਾਉਣ ਦਾ ਵੱਡਾ ਫ਼ਾਇਦਾ ਹੋਵੇਗਾ। ਇਸ ਲਈ ਬੇਨਤੀ ਹੈ ਕਿ ਇਸ ਵੱਲ ਜ਼ਰੂਰ ਧਿਆਨ ਦਿਓ ਅਤੇ ਇਸ ਨੂੰ ਸਹੀ ਢੰਗ ਨਾਲ ਕਰਵਾਉਣ ਵਿੱਚ ਹਰ ਸੰਭਵ ਯੋਗਦਾਨ ਪਾਓ।