Site icon TheUnmute.com

ਚੋਣ ਕਮਿਸ਼ਨ ਨੇ ਸਾਬਕਾ CM ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਚਿਤਾਵਨੀ

Charanjeet Singh Channi

ਚੰਡੀਗੜ੍ਹ, 23 ਮਈ 2024: ਚੋਣ ਕਮਿਸ਼ਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਚੋਣਾਂ 2024 ਲਈ ਜਲੰਧਰ ਹਲਕੇ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ (Charanjeet Singh Channi) ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਚਿਤਾਵਨੀ ਦਿੱਤੀ ਹੈ।

ਜ਼ਿਕਰਯੋਗ ਹੈ ਕਿ 5 ਮਈ, 2024 ਨੂੰ ਪ੍ਰੈੱਸ ਕਾਨਫਰੰਸ ਦੌਰਾਨ ਚੰਨੀ ਨੇ ਟਿੱਪਣੀ ਕੀਤੀ ਸੀ ਕਿ ਪੁੰਛ ਵਿੱਚ 4 ਮਈ ਨੂੰ ਭਾਰਤੀ ਹਥਿਆਰਬੰਦ ਬਲਾਂ ਦੇ ਕਾਫ਼ਲੇ ‘ਤੇ ਹੋਇਆ ਦਹਿਸ਼ਤੀ ਹਮਲਾ ਇੱਕ ਸੋਚਿਆ-ਸਮਝਿਆ ‘ਸਟੰਟ’ ਸੀ। ਦਫ਼ਤਰ, ਮੁੱਖ ਚੋਣ ਅਫ਼ਸਰ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਚੰਨੀ ਨੂੰ ਜਲੰਧਰ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵੱਲੋਂ ਇਸ ਟਿੱਪਣੀ ਸਬੰਧੀ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ।

ਚੋਣ ਕਮਿਸ਼ਨ ਨੇ ਚੰਨੀ (Charanjeet Singh Channi) ਵੱਲੋਂ ਕੀਤੀ ਗਈ ਟਿੱਪਣੀ ‘ਤੇ ਇਤਰਾਜ਼ ਜਤਾਉਂਦਿਆਂ ਇਸ ਨੂੰ ਆਦਰਸ਼ ਚੋਣ ਜ਼ਾਬਤੇ ਦੇ ਮੈਨੂਅਲ ਦੇ ਅਨੁਬੰਧ-1 ਦੀ ਧਾਰਾ 2 (ਜਨਰਲ ਕੰਡਕਟ) ਦੀ ਉਲੰਘਣਾ ਮੰਨਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵਿਰੋਧੀ ਪਾਰਟੀਆਂ ਦੀ ਆਲੋਚਨਾ ਪਾਰਟੀ ਦੀਆਂ ਨੀਤੀਆਂ, ਪ੍ਰੋਗਰਾਮਾਂ, ਇਸਦੇ ਪਿਛਲੇ ਰਿਕਾਰਡ ਅਤੇ ਕੰਮਾਂ ਤੱਕ ਹੀ ਸੀਮਤ ਹੋਣੀ ਚਾਹੀਦੀ ਹੈ।

ਪਾਰਟੀਆਂ ਅਤੇ ਉਮੀਦਵਾਰਾਂ ਨੂੰ ਨਿੱਜੀ ਜੀਵਨ ਨਾਲ ਜੁੜੇ ਪਹਿਲੂਆਂ, ਜਿਸਦਾ ਵਿਰੋਧੀ ਪਾਰਟੀਆਂ ਦੇ ਆਗੂਆਂ ਜਾਂ ਵਰਕਰਾਂ ਦੀਆਂ ਜਨਤਕ ਗਤੀਵਿਧੀਆਂ ਨਾਲ ਕੋਈ ਸਬੰਧੀ ਨਹੀਂ ਹੈ, ਦੀ ਆਲੋਚਨਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਿਰਆਧਾਰ ਤੇ ਬੇਬੁਨਿਦ ਦੋਸ਼ਾਂ ਜਾਂ ਤੋੜ-ਮਰੋੜ ਕੇ ਪੇਸ਼ ਕੀਤੇ ਬਿਆਨਾਂ ਦੇ ਆਧਾਰ ‘ਤੇ ਵਿਰੋਧੀ ਪਾਰਟੀਆਂ ਜਾਂ ਉਨ੍ਹਾਂ ਦੇ ਵਰਕਰਾਂ ਦੀ ਆਲੋਚਨਾ ਤੋਂ ਗੁਰੇਜ਼ ਕੀਤਾ ਜਾਵੇ। ਵੋਟਰਾਂ ਨੂੰ ਗੁੰਮਰਾਹ ਕਰਨ ਲਈ ਰਾਜਨੀਤਿਕ ਪਾਰਟੀਆਂ ਅਤੇ ਇਨ੍ਹਾਂ ਦੇ ਆਗੂਆਂ ਨੂੰ ਬੇਬੁਨਿਆਦ ਅਤੇ ਝੂਠੇ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ।

ਚੋਣ ਕਮਿਸ਼ਨ ਨੇ ਚੰਨੀ ਨੂੰ ਭਵਿੱਖ ਵਿੱਚ ਅਜਿਹੀਆਂ ਉਲੰਘਣਾਵਾਂ ਤੋਂ ਬਚਣ ਦੀ ਸਲਾਹ ਅਤੇ ਚਿਤਾਵਨੀ ਦਿੰਦਿਆਂ ਚੋਣ ਜ਼ਾਬਤੇ ਦੀ ਸਹੀ ਅਰਥਾਂ ਵਿੱਚ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।

Exit mobile version