July 7, 2024 2:39 pm
Election Commission

ਚੋਣ ਕਮਿਸ਼ਨ ਵਲੋਂ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ, 12 ਨਵੰਬਰ ਨੂੰ ਪੈਣਗੀਆਂ ਵੋਟਾਂ

ਚੰਡੀਗੜ੍ਹ 14 ਅਕਤੂਬਰ 2022: ਚੋਣ ਕਮਿਸ਼ਨ ਨੇ ਅੱਜ ਹਿਮਾਚਲ ਪ੍ਰਦੇਸ਼ (Himachal Pradesh) ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਵਿੱਚ 12 ਨਵੰਬਰ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ। ਉਮੀਦਵਾਰ ਲਈ 17 ਅਕਤੂਬਰ ਨੂੰ ਨਾਮਜ਼ਦਗੀਆਂ ਸ਼ੁਰੂ ਹੋ ਜਾਣਗੀਆਂ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਕਮਿਸ਼ਨ ਨੇ ਗੁਜਰਾਤ ਚੋਣਾਂ ਲਈ ਅਜੇ ਕੁਝ ਵੀ ਐਲਾਨ ਨਹੀਂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਤੋਂ ਬਾਅਦ ਗੁਜਰਾਤ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਜਾਵੇਗਾ। ਹਿਮਾਚਲ ‘ਚ ਪਿਛਲੀ ਵਾਰ 9 ਨਵੰਬਰ ਨੂੰ ਚੋਣਾਂ ਹੋਈਆਂ ਸਨ, ਜਦਕਿ ਵੋਟਾਂ ਦੀ ਗਿਣਤੀ 18 ਦਸੰਬਰ ਨੂੰ ਹੋਈ ਸੀ।

ਹਿਮਾਚਲ ਪ੍ਰਦੇਸ਼ (Himachal Pradesh) ਵਿੱਚ ਕੁੱਲ 68 ਵਿਧਾਨ ਸਭਾ ਸੀਟਾਂ ਹਨ। 2017 ਦੀਆਂ ਚੋਣਾਂ ਦੌਰਾਨ ਭਾਜਪਾ ਨੇ 44 ਸੀਟਾਂ ਜਿੱਤੀਆਂ ਸਨ। ਕਾਂਗਰਸ ਨੂੰ 21, ਸੀਪੀਆਈ (ਐਮ) ਨੂੰ ਇੱਕ ਸੀਟ ਮਿਲੀ। ਦੋ ਆਜ਼ਾਦ ਉਮੀਦਵਾਰ ਵੀ ਵਿਧਾਇਕ ਬਣੇ, ਜਿਨ੍ਹਾਂ ਨੇ ਭਾਜਪਾ ਸਰਕਾਰ ਦਾ ਸਮਰਥਨ ਕੀਤਾ। ਬਾਅਦ ਵਿੱਚ ਕੁਝ ਮੈਂਬਰਾਂ ਦੀ ਮੌਤ ਤੋਂ ਬਾਅਦ ਜ਼ਿਮਨੀ ਚੋਣ ਵੀ ਕਰਵਾਈ ਗਈ, ਜਿਸ ਤੋਂ ਬਾਅਦ ਸਿਆਸੀ ਸਮੀਕਰਨਾਂ ਵਿੱਚ ਮਾਮੂਲੀ ਤਬਦੀਲੀ ਆਈ।

ਇਸ ਸਮੇਂ ਭਾਜਪਾ ਕੋਲ 43 ਵਿਧਾਇਕ ਹਨ ਅਤੇ ਦੋ ਆਜ਼ਾਦ ਵਿਧਾਇਕਾਂ ਨੇ ਵੀ ਭਾਜਪਾ ਨੂੰ ਸਮਰਥਨ ਦਿੱਤਾ ਸੀ | ਇਸ ਤੋਂ ਇਲਾਵਾ ਕਾਂਗਰਸ ਕੋਲ 22 ਅਤੇ ਸੀਪੀਆਈ (ਐਮ) ਕੋਲ ਇੱਕ ਸੀਟ ਹੈ। ਹਿਮਾਚਲ ਵਿਚ ਮੌਜੂਦਾ ਸਮੇਂ ਵਿਚ ਭਾਜਪਾ ਦੇ ਜੈ ਰਾਮ ਠਾਕੁਰ ਮੁੱਖ ਮੰਤਰੀ ਹਨ। ਹਿਮਾਚਲ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਤਿੰਨ ਜ਼ਿਮਨੀ ਚੋਣਾਂ ਹੋਈਆਂ, ਜਿੰਨ੍ਹਾ ਵਿੱਚ ਸੱਤਾਧਾਰੀ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।