Site icon TheUnmute.com

ਮਤਦਾਨ ਖਤਮ ਹੋਣ ਤੋਂ ਪਹਿਲਾਂ ਦੇ 48 ਘੰਟਿਆਂ ਦੌਰਾਨ ਨਹੀਂ ਹੋ ਸਕੇਗਾ ਚੋਣ ਪ੍ਰਚਾਰ: ਜ਼ਿਲ੍ਹਾ ਚੋਣ ਅਫ਼ਸਰ

EVM machine

ਸ੍ਰੀ ਮੁਕਤਸਰ ਸਾਹਿਬ, 27 ਮਈ 2024: ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਤਦਾਨ ਖਤਮ ਹੋਣ ਦੇ ਨਿਰਧਾਰਤ ਸਮੇਂ ਤੋਂ 48 ਘੰਟੇ ਪਹਿਲਾਂ ਦੇ ਸਮੇਂ ਦੌਰਾਨ ਸਿਆਸੀ ਪਾਰਟੀਆਂ ਜਾਂ ਉਮੀਦਵਾਰ ਆਪਣੇ ਚੋਣ ਪ੍ਰਚਾਰ (Election campaigning) ਲਈ ਕੋਈ ਵੀ ਜਨਤਕ ਰੈਲੀ, ਸਭਾ ਨਹੀਂ ਕਰ ਸਕਣਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਆਈ.ਏ.ਐਸ. ਨੇ ਦਿੱਤੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਖਰੀ 48 ਘੰਟਿਆਂ ਦੌਰਾਨ ਲੋਕ ਪ੍ਰਤਿਨਿਧਤਾ ਕਾਨੂੰਨ 1951 ਦੀ ਧਾਰਾ 126 ਅਨੁਸਾਰ ਸਿਆਸੀ ਲਾਹੇ ਲਈ ਕੋਈ ਵੀ ਜਨਤਕ ਚੋਣ ਸਭਾ ਨਹੀਂ ਕੀਤੀ ਜਾ ਸਕਦੀ ਹੈ। ਇਸ ਤੋਂ ਬਿਨ੍ਹਾਂ ਇਲੈਕਟ੍ਰੋਨਿਕ ਮੀਡੀਆ ਜਿਸ ਵਿੱਚ ਸਿਨੇਮਾ, ਟੀ.ਵੀ. ਵਰਗੇ ਸਾਧਨ ਸ਼ਾਮਿਲ ਹਨ ’ਤੇ ਵੀ ਅਜਿਹੀ ਚੋਣ ਸਮੱਗਰੀ ਡਿਸਪਲੇਅ ਨਹੀਂ ਕੀਤੀ ਜਾ ਸਕਦੀ ਜਿਸ ਨਾਲ ਕਿਸੇ ਉਮੀਦਵਾਰ ਨੂੰ ਫਾਇਦਾ ਜਾਂ ਨੁਕਸਾਨ ਹੁੰਦਾ ਹੋਵੇ। ਉਲੰਘਣਾ ਕਰਨ ’ਤੇ 2 ਸਾਲ ਤੱਕ ਦੀ ਸਜਾ, ਜੁਰਮਾਨਾ ਜਾਂ ਦੋਨੋਂ ਹੋ ਸਕਦੇ ਹਨ।

ਇਸੇ ਤਰਾਂ ਆਖਰੀ 48 ਘੰਟਿਆਂ ਦੋਰਾਨ ਸਬੰਧਤ ਹਲਕੇ ਤੋਂ ਬਾਹਰ ਤੋਂ ਚੋਣ ਪ੍ਰਚਾਰ (Election campaigning) ਲਈ ਆਏ ਸਮਰੱਥਕਾਂ ਨੂੰ ਵੀ ਵਾਪਿਸ ਜਾਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਰੇ ਬਾਹਰੀ ਲੋਕ ਹਲਕੇ ਤੋਂ ਬਾਹਰ ਚਲੇ ਜਾਣ ਇਸ ਲਈ ਪੁਲਿਸ ਵਿਭਾਗ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਅਜਿਹੇ ਬਾਹਰੀ ਲੋਕਾਂ ਦੇ ਸੰਭਾਵਿਤ ਠਹਿਰਾਓ ਵਾਲੀ ਥਾਂ ’ਤੇ ਪੂਰੀ ਚੌਕਸੀ ਰੱਖੀ ਜਾਵੇ।

ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ 31 ਮਈ ਅਤੇ 1 ਜੂਨ 2024 ਭਾਵ ਚੋਣਾਂ ਵਾਲੇ ਦਿਨ ਅਤੇ ਉਸਤੋਂ ਇਕ ਦਿਨ ਪਹਿਲਾਂ ਪ੍ਰਿੰਟ ਮੀਡੀਆ ਵਿੱਚ ਛੱਪਣ ਵਾਲੇ ਹਰੇਕ ਸਿਆਸੀ ਇਸ਼ਤਿਹਾਰ ਦੀ ਪ੍ਰੀ ਸਰਟੀਫਿਕੇਸ਼ਨ ਐਮ.ਸੀ.ਐਮ.ਸੀ. ਤੋਂ ਕਰਵਾਈ ਜਾਣੀ ਲਾਜ਼ਮੀ ਹੈ। ਉਨ੍ਹਾਂ ਨੇ ਮੀਡੀਆ ਅਦਾਰਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਉਕਤ ਦੋ ਦਿਨਾਂ ਨੂੰ ਛਾਪਣ ਲਈ ਉਹੀ ਸਿਆਸੀ ਇਸ਼ਤਿਹਾਰ ਸਵਿਕਾਰ ਕਰਨ ਜਿਸਦੀ ਪ੍ਰੀ ਸਰਟੀਫਿਕੇਸ਼ਨ ਉਮੀਦਵਾਰ ਨੇ ਕਰਵਾਈ ਹੋਵੇ।

Exit mobile version