ਚੰਡੀਗੜ੍ਹ 07 ਨਵੰਬਰ 2022: ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਅਧਿਕਾਰੀ ਇਸ ਸਮੇਂ ਕਤਰ (Qatar) ਵਿੱਚ ਹਿਰਾਸਤ ਵਿੱਚ ਹਨ । ਇਹ ਭਾਰਤੀ ਨਾਗਰਿਕ ਸਿਖਲਾਈ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਨ ਵਾਲੀ ਕਤਰ ਦੀ ਕੰਪਨੀ ਕਤਰੀ ਐਮੀਰੀ ਨੇਵੀ ਵਿੱਚ ਕੰਮ ਕਰਦੇ ਹਨ। ਸੂਤਰਾਂ ਮੁਤਾਬਕ ਦੋਹਾ ਸਥਿਤ ਭਾਰਤੀ ਦੂਤਘਰ ਨੂੰ ਇਸ ਘਟਨਾ ਦੀ ਜਾਣਕਾਰੀ ਹੈ। ਇਸ ਮਾਮਲੇ ‘ਤੇ ਵਿਦੇਸ਼ ਮੰਤਰਾਲੇ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮੀਤੁ ਭਾਰਗਵ ਨੇ ਟਵੀਟ ਕਰਕੇ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ। ਇੱਥੇ ਕਮਾਂਡਰ ਪੂਰਨੇਂਦੂ ਤਿਵਾਰੀ ਦੀ ਭੈਣ ਡਾਕਟਰ ਮੀਤੁ ਭਾਰਗਵ ਨੇ ਕਿਹਾ ਕਿ ਅਸੀਂ ਬਹੁਤ ਚਿੰਤਤ ਹਾਂ। ਸਾਨੂੰ ਇਸ ਗੱਲ ਦਾ ਜਵਾਬ ਨਹੀਂ ਮਿਲ ਰਿਹਾ ਕਿ ਮੇਰੇ ਭਰਾ ਨੂੰ ਕਿਸ ਦੋਸ਼ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ? ਉਸ ਨੂੰ ਹਿਰਾਸਤ ਵਿਚ ਲਏ 57 ਦਿਨ ਹੋ ਗਏ ਹਨ। ਭਾਰਤ ਸਰਕਾਰ ਨੂੰ ਜਲਦੀ ਤੋਂ ਜਲਦੀ ਰਿਹਾਅ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਕਮਾਂਡਰ ਪੂਰਨੇਂਦੂ ਤਿਵਾਰੀ (ਸੇਵਾਮੁਕਤ) ਇੱਕ ਫਰਮ ਦਾ ਪ੍ਰਬੰਧ ਨਿਰਦੇਸ਼ਕ ਵੀ ਹਿਰਾਸਤ ਵਿੱਚ ਲਏ ਗਏ ਅੱਠ ਭਾਰਤੀਆਂ ਵਿੱਚ ਸ਼ਾਮਲ ਹੈ। ਕਮਾਂਡਰ ਪੂਰਨੇਂਦੂ ਤਿਵਾਰੀ ਨੂੰ 2019 ਵਿੱਚ ਦੇਸ਼ ਦੇ ਤਤਕਾਲੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਪ੍ਰਵਾਸੀ ਭਾਰਤੀ ਸਨਮਾਨ ਪੁਰਸਕਾਰ ਮਿਲਿਆ ਸੀ।
ਵਿਦੇਸ਼ ਮੰਤਰਾਲੇ (MEA) ਨੇ ਭਰੋਸਾ ਦਿਵਾਇਆ ਕਿ ਦੋਹਾ ਸਥਿਤ ਭਾਰਤੀ ਦੂਤਾਵਾਸ ਕਤਰ ਦੇ ਅੱਠ ਸਾਬਕਾ ਜਲ ਸੈਨਾ ਅਧਿਕਾਰੀਆਂ ਦੀ ਜਲਦੀ ਰਿਹਾਈ ਅਤੇ ਦੇਸ਼ ਵਾਪਸੀ ਲਈ ਹਰ ਕੋਸ਼ਿਸ਼ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਤਰ ਸਰਕਾਰ ਤੋਂ ਕੌਂਸਲਰ ਪਹੁੰਚ ਮਿਲਣ ਤੋਂ ਬਾਅਦ ਸਾਨੂੰ ਉਨ੍ਹਾਂ ਦੀ ਸਥਿਤੀ ਜਾਣਨੀ ਹੈ, ਪਰ ਸਰਕਾਰ ਨੂੰ ਅਜੇ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਉਨ੍ਹਾਂ ਨੂੰ ਕਿਹੜੇ ਦੋਸ਼ਾਂ ‘ਚ ਗ੍ਰਿਫਤਾਰ ਕੀਤਾ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸੇਵਾਮੁਕਤ ਹੋਣ ਤੋਂ ਬਾਅਦ ਇਹ ਸਾਰੇ ਕਤਰ (Qatar) ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰ ਰਹੇ ਸਨ। ਕੰਪਨੀ ਕਤਰੀ ਐਮੀਰੀ ਨੇਵੀ ਨੂੰ ਸਿਖਲਾਈ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਦਾ ਨਾਂ ਦੇਹਰਾ ਗਲੋਬਲ ਟੈਕਨਾਲੋਜੀ ਐਂਡ ਕੰਸਲਟੈਂਸੀ ਸਰਵਿਸਿਜ਼ ਹੈ। ਕੰਪਨੀ ਆਪਣੇ ਆਪ ਨੂੰ ਕਤਰ ਦੀ ਰੱਖਿਆ, ਸੁਰੱਖਿਆ ਅਤੇ ਹੋਰ ਸਰਕਾਰੀ ਏਜੰਸੀਆਂ ਦੀ ਸਥਾਨਕ ਭਾਈਵਾਲ ਦੱਸਦੀ ਹੈ।