Site icon TheUnmute.com

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਅੱਠ ਕੈਡਿਟ NDA ਸਮੇਤ ਹੋਰ ਸਰਵਿਸਿਜ਼ ਟਰੇਨਿੰਗ ਅਕੈਡਮੀਆਂ ‘ਚ ਹੋਏ ਸ਼ਾਮਲ

NDA

ਚੰਡੀਗੜ੍ਹ, 4 ਜਨਵਰੀ 2024: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਆਈ.), ਐਸ.ਏ.ਐਸ. ਨਗਰ (ਮੁਹਾਲੀ) ਦੇ ਅੱਠ ਕੈਡਿਟ ਪਿਛਲੇ ਦੋ ਹਫ਼ਤਿਆਂ ਦੌਰਾਨ ਨੈਸ਼ਨਲ ਡਿਫੈਂਸ ਅਕੈਡਮੀ (NDA), ਟੈਕਨੀਕਲ ਐਂਟਰੀ ਸਕੀਮ (ਟੀ.ਈ.ਐਸ.) ਤਹਿਤ ਕੈਡਿਟ ਟ੍ਰੇਨਿੰਗ ਵਿੰਗਜ਼ (ਸੀ.ਟੀ.ਡਬਲਿਊ.) ਅਤੇ ਏਅਰ ਫੋਰਸ ਅਕੈਡਮੀ (ਏ.ਐਫ.ਏ.) ਵਿੱਚ ਸ਼ਾਮਲ ਹੋਏ ਹਨ। ਇਨ੍ਹਾਂ ਅੱਠ ਕੈਡਿਟਾਂ ਦੇ ਸ਼ਾਮਲ ਹੋਣ ਨਾਲ ਇਸ ਇੰਸਟੀਚਿਊਟ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੁੱਲ 226 ਕੈਡਿਟ ਵੱਖ-ਵੱਖ ਸਰਵਿਸ ਟ੍ਰੇਨਿੰਗ ਅਕੈਡਮੀਆਂ ਵਿੱਚ ਸ਼ਾਮਲ ਹੋ ਚੁੱਕੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਸੰਸਥਾ ਦੇ 147 ਸਾਬਕਾ ਕੈਡਿਟ ਰੱਖਿਆ ਸੇਵਾਵਾਂ ਵਿੱਚ ਅਫ਼ਸਰ ਵਜੋਂ ਭਰਤੀ ਹੋਏ ਹਨ। 54.89% ਦੀ ਚੋਣ ਦਰ ਨਾਲ, ਐਮ.ਆਰ.ਐਸ.ਏ.ਐਫ.ਪੀ.ਆਈ. ਦੇਸ਼ ਦੀ ਸਭ ਤੋਂ ਸਫ਼ਲ ਸੰਸਥਾ ਵਜੋਂ ਉਭਰੀ ਹੈ।

ਉਨ੍ਹਾਂ ਦੱਸਿਆ ਕਿ ਨੈਸ਼ਨਲ ਡਿਫੈਂਸ ਅਕੈਡਮੀ (NDA) ਵਿੱਚ ਚੁਣੇ ਜਾਣ ਵਾਲੇ ਪੰਜ ਕੈਡਿਟਾਂ ਵਿੱਚ ਤੇਜਿੰਦਰਪਾਲ ਸਿੰਘ, ਅਸ਼ਮਿਤ, ਲਕਸ਼ਯ ਕੁਮਾਰ ਸ਼ਰਮਾ, ਵਿਸ਼ਵਾਸ ਮਿੱਤਲ ਅਤੇ ਮੋਕਸ਼ ਸੈਣੀ ਸ਼ਾਮਲ ਹਨ। ਦੋ ਕੈਡਿਟਾਂ – ਸਕਸ਼ਮ ਮਲਿਕ ਅਤੇ ਮਹਿਤਾਬ ਸਿੰਘ ਸਿੱਧੂ ਨੇ ਟੈਕਨੀਕਲ ਐਂਟਰੀ ਸਕੀਮ (ਟੀ.ਈ.ਐਸ.) ਤਹਿਤ ਕੈਡਿਟ ਟ੍ਰੇਨਿੰਗ ਵਿੰਗਜ਼ ਵਿੱਚ ਸੀਟਾਂ ਹਾਸਲ ਕੀਤੀਆਂ ਹਨ ਜਦੋਂ ਕਿ ਗੁਰਸ਼ੇਰ ਸਿੰਘ ਚੀਮਾ ਏਅਰ ਫੋਰਸ ਅਕੈਡਮੀ (ਏ.ਐਫ.ਏ.) ਵਿੱਚ ਸ਼ਾਮਲ ਹੋਏ।

ਵੱਖ-ਵੱਖ ਅਕੈਡਮੀਆਂ ਵਿੱਚ ਸ਼ਾਮਲ ਹੋਣ ਉੱਤੇ ਵਧਾਈ ਦਿੰਦਿਆਂ ਅਮਨ ਅਰੋੜਾ ਨੇ ਇਨ੍ਹਾਂ ਸਾਰੇ ਕੈਡਿਟਾਂ ਨੂੰ ਉਹਨਾਂ ਦੀ ਸਿਖਲਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਨਵੇਂ ਮੌਕੇ ਦੇ ਰਹੀ ਹੈ।

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੇ ਐਚ.ਚੌਹਾਨ, ਵੀ.ਐਸ.ਐਮ (ਸੇਵਾਮੁਕਤ) ਨੇ ਕੈਡਿਟਾਂ ਨੂੰ ਆਪਣੇ ਫਰਜ਼ ‘ਤੇ ਖਰਾ ਉਤਰਨ, ਪੰਜਾਬ ਦੇ ਯੋਗ ਸਪੂਤ ਅਤੇ ਰਾਸ਼ਟਰ ਦੇ ਸੱਚੇ ਸਿਪਾਹੀ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਇੰਸਟੀਚਿਊਟ ਦੇ ਨਵੇਂ ਕੋਰਸ (14ਵੇਂ ਕੋਰਸ) ਲਈ ਦਾਖ਼ਲਾ ਪ੍ਰੀਖਿਆ 14 ਜਨਵਰੀ, 2024 ਨੂੰ ਹੋਣੀ ਹੈ, ਜਿਸ ਲਈ 4100 ਤੋਂ ਵੱਧ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ, ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।

Exit mobile version