Site icon TheUnmute.com

ਮਲੇਰਕੋਟਲਾ ਵਿਖੇ ਕੁਰਬਾਨੀ ਦਾ ਤਿਉਹਾਰ ਈਦ ਉਲ ਅਜ਼ਹਾ ਸ਼ਰਧਾ ਅਤੇ ਅਕੀਦਤ ਨਾਲ ਮਨਾਇਆ

ਈਦ ਉਲ ਅਜ਼ਹਾ

ਮਲੇਰਕੋਟਲਾ 29 ਜੂਨ 2023: ਈਦ ਉਲ ਅਜ਼ਹਾ ਦੇ ਪਵਿੱਤਰ ਤਿਓਹਾਰ ਮੌਕੇ ਮਾਲੇਰਕੋਟਲਾ ਦੀਆਂ ਵੱਖ ਵੱਖ ਮਸਜਿਦਾਂ ਅਤੇ ਈਦਗ਼ਾਹਾਂ ‘ਚ ਈਦ ਦੀ ਨਮਾਜ਼ ਪੂਰੇ ਜੋਸ਼ ਅਤੇ ਅਕੀਦਤ ਦੇ ਨਾਲ ਅਦਾ ਕੀਤੀ ਗਈ।ਇਸ ਮੌਕੇ ਮੁੱਖ ਤੌਰ ‘ਤੇ ਛੋਟੀ ਈਦਗ਼ਾਹ, ਈਦਗ਼ਾਹ ਸਲਫੀਆ, ਈਦਗ਼ਾਹ ਕਿਲਾ ਰਹਿਮਤ ਗੜ੍ਹ ਦੇ ਨਾਲ ਨਾਲ ਬੜੀ ਈਦਗ਼ਾਹ ਵਿਖੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ‘ਚ ਪਹੁੰਚ ਕੇ ਈਦ ਦੀ ਨਮਾਜ਼ ਅਦਾ ਕੀਤੀ।

ਬੜੀ ਈਦਗ਼ਾਹ ਵਿਖੇ ਹਜ਼ਰਤ ਮੌਲਾਨਾ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਸਾਹਿਬ ਨੇ ਨਮਾਜ਼ ਪੜਾਉਣ ਦੀ ਜ਼ਿੰਮੇਵਾਰੀ ਨਿਭਾਈ ।ਇਸ ਮੌਕੇ ਇਲਾਕੇ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਏਸ਼ੀਆ ਦੀ ਸਭ ਤੋਂ ਖੂਬਸੂਰਤ ਵੱਡੀ ਈਦਗ਼ਾਹ ਦੇ ਉੱਚੇ ਮਿਨਾਰ ਤੋਂ ਪੁੱਜੇ ਮੁਸਲਿਮ ਲੋਕਾਂ ਨੂੰ ਜਿੱਥੇ ਈਦ ਦੀ ਮੁਬਾਰਕਬਾਦ ਦਿੱਤੀ ਉੱਥੇ ਉਨਾਂ ਲੋਕਾਂ ਨੂੰ ਸਾਰੇ ਤਿਓਹਾਰ ਆਪਸੀ ਪਿਆਰ ਮੁਹੱਬਤ ਅਤੇ ਸ਼ਰਧਾ ਨਾਲ ਮਨਾਉਣ ਦੀ ਵੀ ਗੱਲ ਕਹੀ। ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਆਪਸ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਰੱਬ ਵੱਲੋਂ ਦਿੱਤਾ ਗਿਆ ਸਾਨੂੰ ਇਨਾਮ ਹਨ ਇਹਨਾ ਤਿਉਹਾਰਾਂ ਨਾਲ ਆਪਸੀ ਭਾਈਚਾਰਕ ਸਾਂਝ ਦੀ ਰੱਸੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਜੋ ਦੇਸ਼ ਅੰਦਰ ਫਿਰਕਾਪ੍ਰਸਤੀ ਦੀਆਂ ਹਵਾਵਾਂ ਨੂੰ ਠੱਲ੍ਹ ਪਾਈ ਜਾ ਸਕੇ।

ਈਦਗ਼ਾਹ ਕਮੇਟੀ ਦੇ ਪ੍ਰਧਾਨ ਮੁਹੰਮਦ ਅਸਲਮ ਬਾਚੀ ਦੀ ਅਗਵਾਈ ‘ਚ ਸਮੂਹ ਮੈਂਬਰਾਂ ਵੱਲੋਂ ਉਕਤ ਤਿਓਹਾਰ ਮੌਕੇ ਈਦਗ਼ਾਹ ਨੂੰ ਸੁੱਚੇਜੇ ਢੰਗ ਨਾਲ ਸਜਾਇਆ ਗਿਆ ਸੀ। ਇਸ ਮੌਕੇ ਤੇ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਨੇ ਆਪਣੇ ਖਿਤਾਬ ‘ਚ ਈਦ ਉਲ ਅਜ਼ਹਾ ਦੇ ਇਤਿਹਾਸ ਬਾਰੇ ਦੱਸਦਿਆਂ ਕਿਹਾ ਕਿ ਉਕਤ ਤਿਓਹਾਰ ਇਸਲਾਮ ਦੀ ਮਸ਼ਹੂਰ ਨਬੀ ਹਜ਼ਰਤ ਇਬਰਾਹੀਮ(ਅਲੈ.) ਦੀ ਯਾਦ ‘ਚ ਮਨਾਈ ਜਾਂਦੀ ਹੈ।ਜਿਨਾਂ ਨੇ ਬੁਢਾਪੇ ਦੇ ਦਿਨਾਂ ‘ਚ ਆਪਣੇ ਘਰ ਪੈਦਾ ਹੋਏ ਪੁੱਤਰ(ਇਸਮਾਇਲ ਅਸ.) ਨੂੰ ਰੱਬ ਦੀ ਰਜ਼ਾ ਲਈ ਜ਼ਮੀਨ ‘ਤੇ ਲਿਟਾ ਕੇ ਕੁਰਬਾਨ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਸੱਚੇ ਰੱਬ ਨੂੰ ਉਨਾਂ ਦੀ ਇਹ ਅਦਾ ਇੰਨੀ ਪਸੰਦ ਆਈ ਕਿ ਉਨਾਂ ਮੁਸਲਿਮ ਲੋਕਾਂ ਨੂੰ ਕਿਆਮਤ ਤੱਕ ਇਬਰਾਹੀਮ ਅਲੈਹਸ. ਦੀ ਨਕਲ ਕਰਨ ਦਾ ਹੁਕਮ ਦੇ ਦਿੱਤਾ ਜੋ ਕਿ ਪਸ਼ੂਆਂ ਦੀ ਸ਼ਕਲ ‘ਚ ਕੁਰਬਾਨੀ ਦੇ ਕੇ ਕੀਤਾ ਜਾਂਦਾ ਹੈ।

ਮੌਲਾਨਾ ਨੇ ਹੋਰ ਕਿਹਾ ਕਿ ਕੁਰਬਾਨੀ ਦਾ ਮਕਸਦ ਸੱਚਾ ਰੱਬ ਇਹ ਦੇਖਣਾ ਚਾਹੁੰਦਾ ਹੈ ਕਿ ਕੀ ਮੇਰਾ ਬੰਦਾ ਮੇਰੀ ਖੁਸ਼ੀ ਲਈ ਆਪਣੀ ਪਿਆਰੀ ਤੋਂ ਪਿਆਰੀ ਚੀਜ਼ ਮੇਰੇ ਲਈ ਕੁਰਬਾਨ ਕਰਨ ਲਈ ਤਿਆਰ ਹੈ ਜਾਂ ਨਹੀਂ।ਉਨਾਂ ਇਸ ਮੌਕੇ ਹਾਜ਼ਰ ਲੋਕਾਂ ਨੂੰ ਕੁਰਬਾਨੀ ਦੇ ਦਿਨਾਂ ‘ਚ ਸਫਾਈ ਆਦਿ ਦਾ ਖਾਸ ਖਿਆਲ ਰੱਖਣ, ਮੁਲਕ ਦੇ ਗ਼ੈਰਮੁਸਲਿਮ ਭਰਾਵਾਂ ਨਾਲ ਮਿਲ ਜੁਲ ਅਜਿਹੇ ਤਿਓਹਾਰ ਮਨਾਉਣ ਅਤੇ ਮਜਬੂਰ ਅਤੇ ਗਰੀਬ ਲੋਕਾਂ ਦਾ ਸਹਾਰਾ ਬਣਨ ਦੀ ਵੀ ਅਪੀਲ ਕੀਤੀ।

ਵਰਨਣਯੋਗ ਹੈ ਕਿ ਈਦਗਾਹਾਂ ਵਿੱਚ ਇਸ ਵਾਰ ਪਹਿਲਾਂ ਨਾਲੋਂ ਵਧ ਕੇ ਅਦਾ ਕਰਵਾਈ ਗਈ ਨਮਾਜ਼ ਨੂੰ ਲੈ ਕੇ ਸ਼ਹਿਰ ਅੰਦਰ ਈਦਗਾਹਾਂ ਵਿੱਚ ਇਕੱਠ ਪਹਿਲਾਂ ਨਾਲੋਂ ਘਟਿਆ ਦਿਖਾਈ ਦਿੱਤਾ ਜੋ ਕਿ ਚਿੰਤਾ ਦਾ ਵਿਸ਼ਾ ਹੈ ਜਿਸ ਨੂੰ ਲੈ ਕੇ ਇਸ ਮੌਕੇ ਤੇ ਕੀਤੇ ਖਿਤਾਬ ਵਿੱਚ ਮੁਫਤੀ ਇਰਤਕਾ ਉਲ ਹਸਨ ਕੰਧਾਲਵੀ ਨੇ ਕਿਹਾ ਕਿ ਆਮ ਮਸਜਿਦਾਂ ਅੰਦਰ ਈਦ ਦੀ ਨਮਾਜ਼ ਈਦ ਗਾਹਾ ਅੰਦਰ ਪੜ੍ਹੀ ਗਈ ਈਦ ਦੀ ਨਮਾਜ਼ ਸਾਹਮਣੇ ਬਹੁਤ ਘੱਟ ਹੈ ਕਿਉਂਕਿ ਈਦਗਾਹ ਸਿਰਫ ਈਦ ਦੀ ਨਮਾਜ਼ ਲਈ ਹੀ ਬਣਾਈਆਂ ਗਈਆਂ ਹਨ ਉਨ੍ਹਾਂ ਨੇ ਇਸ ਬਾਰੇ ਸਾਰੇ ਮੁਸਲਿਮ ਭਾਈਚਾਰੇ ਦਾ ਧਿਆਨ ਖਿੱਚਦਿਆਂ ਕਿਹਾ ਕਿ ਇਸ ਬਾਰੇ ਮੌਜੂਦਾ ਸਮੇਂ ਸੋਚਣ ਦੀ ਜ਼ਰੂਰਤ ਹੈ ਕਿਉਂਕਿ ਇਸ ਨੇ ਤਿਉਹਾਰ ਦੀ ਅਹਿਮੀਅਤ ਨੂੰ ਘਟਾ ਦਿੱਤਾ ਹੈ ।

ਜਦੋਂ ਕਿ ਈਦ ਜਿਹੇ ਵੱਡੇ ਤਿਓਹਾਰ ਦੀ ਨਮਾਜ਼ ਦੇ ਇਕੱਠ ਮੁਸਲਮਾਨਾਂ ਦੇ ਅਮੂਮੀ ਇਕੱਠ ਲਈ ਮਨਾਏ ਜਾਂਦੇ ਹਨ । ਵੱਖੋ ਵੱਖ ਜਗ੍ਹਾ ਦੀਆਂ ਮਸਜਿਦਾਂ ਅਤੇ ਈਦਗਾਹ ਵਿਖੇ ਈਦ ਦੀ ਨਮਾਜ਼ ਪੜ੍ਹਨ ਤੋਂ ਬਾਅਦ ਹਰ ਜਗ੍ਹਾ ਉੱਤੇ ਆਪਸੀ ਭਾਈਚਾਰਕ ਸਾਂਝ ਅਤੇ ਅਮਨ ਸ਼ਾਂਤੀ ਲਈ ਰੱਬ ਦੀ ਬਾਰਗਾਹ ਵਿਚ ਦੁਆ ਕੀਤੀ ਗਈ । ਸ਼ਹਿਰ ਅੰਦਰ ਵੱਖ-ਵੱਖ ਥਾਵਾਂ ਤੇ ਗੈਰ ਮੁਸਲਿਮ ਭਰਾਵਾਂ ਵੱਲੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ ਗਈ।ਇਸ ਮੌਕੇ ਪੁਲਸ ਅਤੇ ਸਿਵਲ ਪ੍ਰਸਾਸ਼ਨ ਵੱਲੋਂ ਸੁਰਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਸਨ।

Exit mobile version