ਚੰਡੀਗੜ੍ਹ, 29 ਜਨਵਰੀ, 2024: ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਇੱਕ ਟੀਮ ਸੋਮਵਾਰ ਸਵੇਰੇ ਦਿੱਲੀ ਵਿੱਚ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ (CM Hemant Soren) ਦੇ ਘਰ ਪਹੁੰਚੀ। ਈਡੀ ਨੇ ਪਹਿਲਾਂ ਹੀ ਸੋਰੇਨ ਨੂੰ ਕਥਿਤ ਜ਼ਮੀਨ ਘਪਲੇ ਮਾਮਲੇ ਵਿੱਚ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਸੀ। ਏਜੰਸੀ ਨੇ ਚਿਤਾਵਨੀ ਦਿੱਤੀ ਸੀ ਕਿ ਸੋਰੇਨ ਜਾਂ ਤਾਂ ਆਪਣੀ ਪੇਸ਼ੀ ਲਈ 29 ਜਾਂ 31 ਜਨਵਰੀ ਦੀ ਤਾਰੀਖ਼ ਦੇਵੇ ਜਾਂ ਈਡੀ ਦੇ ਅਧਿਕਾਰੀ ਉਸ ਤੋਂ ਪੁੱਛਗਿੱਛ ਕਰਨ ਲਈ ਖੁਦ ਪਹੁੰਚਣਗੇ।
ਹੁਣ ਤੱਕ ਈਡੀ (ED) ਵੱਲੋਂ ਹੇਮੰਤ ਸੋਰੇਨ (CM Hemant Soren) ਨੂੰ ਨੌਂ ਸੰਮਨ ਜਾਰੀ ਕੀਤੇ ਜਾ ਚੁੱਕੇ ਹਨ। ਅੱਠਵੇਂ ਸੰਮਨ ਵਿੱਚ ਉਸ ਨੂੰ 6 ਜਨਵਰੀ ਤੋਂ 20 ਜਨਵਰੀ ਤੱਕ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਸ ‘ਤੇ ਹੇਮੰਤ ਸੋਰੇਨ ਨੇ ਈਡੀ ਨੂੰ 20 ਜਨਵਰੀ ਨੂੰ ਪੁੱਛਗਿੱਛ ਲਈ ਉਨ੍ਹਾਂ ਦੇ ਘਰ ਆਉਣ ਲਈ ਕਿਹਾ ਸੀ। ਸੀਐਮ ਹੇਮੰਤ ਸੋਰੇਨ ਨੇ ਈਡੀ ਦੇ ਸੰਮਨ ਵਿਰੁੱਧ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ, ਪਰ ਸੁਪਰੀਮ ਕੋਰਟ ਨੇ ਹੇਮੰਤ ਸੋਰੇਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।
ਨੌਵੇਂ ਸੰਮਨ ਵਿੱਚ ਹੇਮੰਤ ਸੋਰੇਨ ਨੂੰ 27 ਜਨਵਰੀ ਤੋਂ 31 ਜਨਵਰੀ ਤੱਕ ਈਡੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਈਡੀ ਨੇ ਹੇਮੰਤ ਸੋਰੇਨ ਤੋਂ ਉਨ੍ਹਾਂ ਦੀ ਰਿਹਾਇਸ਼ ‘ਤੇ ਕਰੀਬ ਸੱਤ ਘੰਟੇ ਪੁੱਛਗਿੱਛ ਕੀਤੀ ਸੀ। ਹੇਮੰਤ ਸੋਰੇਨ ਤੋਂ ਝਾਰਖੰਡ ਦੀ ਰਾਜਧਾਨੀ ਰਾਂਚੀ ‘ਚ ਬਜਰਾ ਖੇਤਰ ‘ਚ 7.16 ਏਕੜ ਜ਼ਮੀਨ ਦੇ ਕਥਿਤ ਜ਼ਮੀਨ ਘਪਲੇ ‘ਚ ਪੁੱਛਗਿੱਛ ਕੀਤੀ ਜਾਣੀ ਹੈ। ਇਸ ਮਾਮਲੇ ‘ਚ ਹੁਣ ਤੱਕ 14 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।