ਚੰਡੀਗੜ੍ਹ 05 ਅਪ੍ਰੈਲ 2022: ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੰਗਲਵਾਰ ਨੂੰ ਪਾਤਰਾ ਚੌਲ ਜ਼ਮੀਨ ਘੁਟਾਲੇ ਮਾਮਲੇ ‘ਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ (Sanjay Raut) ਦੀ ਜਾਇਦਾਦ ਕੁਰਕ ਕਰ ਦਿੱਤੀ ਹੈ। ਇਸ ਕਾਰਵਾਈ ਦੇ ਹਿੱਸੇ ਵਜੋਂ, ਜਾਂਚ ਏਜੰਸੀ ਨੇ ਰਾਊਤ ਦੇ ਅਲੀਬਾਗ ‘ਚ ਅੱਠ ਪਲਾਟ ਅਤੇ ਦਾਦਰ ‘ਚ ਇੱਕ ਫਲੈਟ ਅਟੈਚ ਕੀਤਾ।
ਇਸਦੇ ਚੱਲਦੇ ਸੰਜੇ ਰਾਊਤ ਨੇ ਵੀ ਆਪਣੇ ਖਿਲਾਫ ਈਡੀ ਦੀ ਕਾਰਵਾਈ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ, “ਮੈਂ ਕਿਸੇ ਤੋਂ ਨਹੀਂ ਡਰਦਾ। ਮੇਰੀ ਜਾਇਦਾਦ ਜ਼ਬਤ ਕਰੋ, ਜਾਂ ਮੈਨੂੰ ਗੋਲੀ ਮਾਰ ਦਿਓ ਜਾਂ ਮੈਨੂੰ ਜੇਲ੍ਹ ਵਿੱਚ ਸੁੱਟ ਦਿਓ। ਸੰਜੇ ਰਾਉਤ ਬਾਲਾ ਸਾਹਿਬ ਠਾਕਰੇ ਦਾ ਮੰਨਣ ਵਾਲਾ ਅਤੇ ਸ਼ਿਵ ਸੈਨਿਕ ਹੈ। ਉਹ ਲੜੇਗਾ । ਮੈਂ ਚੁੱਪ ਬੈਠਣ ਵਾਲਾ ਨਹੀਂ ਹਾਂ, ਅੰਤ ‘ਚ ਸੱਚ ਦੀ ਜਿੱਤ ਹੋਵੇਗੀ।”
ਪੀਐਮਐਲਏ ਦੇ ਤਹਿਤ ਕਾਰਵਾਈ ਕੀਤੀ ਗਈ
ਮਾਮਲੇ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜ਼ਮੀਨ ਦੇ ਟੁਕੜੇ (ਪਲਾਟ) ਅਤੇ ਫਲੈਟ ਨੂੰ ਫਰੀਜ਼ ਕਰਨ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਅਸਥਾਈ ਕੁਰਕੀ ਦੇ ਆਦੇਸ਼ ਜਾਰੀ ਕੀਤੇ ਹਨ। ਅਟੈਚਮੈਂਟ ਮਨੀ ਲਾਂਡਰਿੰਗ ਜਾਂਚ ਨਾਲ ਸਬੰਧਤ ਹੈ, ਜਿਸ ‘ਚ ਮੁੰਬਈ ‘ਚ ਇੱਕ ‘ਚੌਲ’ ਦੇ ਪੁਨਰ ਵਿਕਾਸ ਨਾਲ ਸਬੰਧਤ 1,034 ਕਰੋੜ ਰੁਪਏ ਦੇ ਜ਼ਮੀਨ ਘੁਟਾਲੇ ਦੀ ਸ਼ਮੂਲੀਅਤ ਹੈ।
ਸੰਜੇ ਰਾਉਤ ਦੇ ਕਰੀਬੀ ਪ੍ਰਵੀਨ ਰਾਉਤ ਨੂੰ ਕੀਤਾ ਸੀ ਗ੍ਰਿਫਤਾਰ
ਈਡੀ ਨੇ ਇਸ ਮਾਮਲੇ ‘ਚ ਫਰਵਰੀ ‘ਚ ਮਹਾਰਾਸ਼ਟਰ ਦੇ ਕਾਰੋਬਾਰੀ ਪ੍ਰਵੀਨ ਰਾਉਤ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਬਾਅਦ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। ਏਜੰਸੀ ਨੇ ਪਿਛਲੇ ਸਾਲ ਸੰਜੇ ਰਾਉਤ ਦੀ ਪਤਨੀ ਵਰਸ਼ਾ ਰਾਉਤ ਤੋਂ ਪੀਐਮਸੀ ਬੈਂਕ ਧੋਖਾਧੜੀ ਮਾਮਲੇ ਅਤੇ ਪ੍ਰਵੀਨ ਰਾਉਤ ਦੀ ਪਤਨੀ ਮਾਧੁਰੀ ਨਾਲ ਕਥਿਤ ਸਬੰਧਾਂ ਦੇ ਸਬੰਧ ‘ਚ ਇੱਕ ਹੋਰ ਮਨੀ ਲਾਂਡਰਿੰਗ ਮਾਮਲੇ ‘ਚ ਵੀ ਪੁੱਛਗਿੱਛ ਕੀਤੀ ਸੀ।