ਚੰਡੀਗੜ੍ਹ, 21 ਫ਼ਰਵਰੀ 2023: ਇਨਫੋਰਸਮੈਂਟ ਡਾਇਰੈਕਟੋਰੇਟ (ED) ਝਾਰਖੰਡ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੇ ਇੰਜੀਨੀਅਰ ਵਰਿੰਦਰ ਰਾਮ ਨਾਲ ਜੁੜੇ ਰਾਂਚੀ ਸਮੇਤ ਦੇਸ਼ ਭਰ ਵਿੱਚ 24 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਦੱਸ ਦੇਈਏ ਕਿ ਇਸ ਤੋਂ ਪਹਿਲਾਂ 20 ਫਰਵਰੀ ਨੂੰ ਈਡੀ ਨੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਵੀ 12 ਤੋਂ ਵੱਧ ਕਾਂਗਰਸੀ ਨੇਤਾਵਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਸੀ। ਅੱਜ ਤੜਕਸਾਰ 5 ਵਜੇ ਤੋਂ ਈਡੀ ਦੀ ਟੀਮ ਰਾਏਪੁਰ ਦੇ ਕਈ ਵੱਡੇ ਕਾਂਗਰਸੀ ਨੇਤਾਵਾਂ ਦੇ ਘਰਾਂ ਅਤੇ ਦਫਤਰਾਂ ‘ਤੇ ਪਹੁੰਚ ਗਈ ਸੀ। ਦਸਤਾਵੇਜ਼ਾਂ ਦੀ ਜਾਂਚ ਦੇ ਨਾਲ-ਨਾਲ ਜਾਂਚ ਜਾਰੀ ਹੈ।
ਅਧਿਕਾਰਤ ਸੂਤਰਾਂ ਦੇ ਮੁਤਾਬਕ ਸੂਬੇ ਦੀ ਰਾਜਧਾਨੀ ਰਾਂਚੀ, ਜਮਸ਼ੇਦਪੁਰ ਅਤੇ ਦਿੱਲੀ ਸਮੇਤ ਕਰੀਬ ਦੋ ਦਰਜਨ ਥਾਵਾਂ ‘ਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਧਾਰਾਵਾਂ ਤਹਿਤ ਸੰਘੀ ਜਾਂਚ ਏਜੰਸੀ (ED) ਦੇ ਜਾਂਚਕਰਤਾਵਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।ਮਨੀ ਲਾਂਡਰਿੰਗ ਦਾ ਮਾਮਲਾ ਰਾਜ ਵਿਜੀਲੈਂਸ ਬਿਊਰੋ ਵੱਲੋਂ ਸਰਕਾਰੀ ਕੰਮ ਦੀ ਗਰਾਂਟ ਦੇ ਬਦਲੇ ਕੁਝ ਕਥਿਤ ਕਮਿਸ਼ਨ ਦੀ ਅਦਾਇਗੀ ਕਰਨ ਦੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ ਹੈ ਅਤੇ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਦੋਸ਼ਾਂ ਦੇ ਸਬੰਧ ਵਿੱਚ ਹੋਰ ਸਬੂਤ ਇਕੱਠੇ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਝਾਰਖੰਡ ਪੇਂਡੂ ਵਿਕਾਸ ਵਿਭਾਗ ਦੇ ਇੱਕ ਅਧਿਕਾਰੀ ਅਤੇ ਕੁਝ ਐਂਟਰੀ ਆਪਰੇਟਰਾਂ (ਹਵਾਲਾ ਡੀਲਰਾਂ) ਦੇ ਟਿਕਾਣਿਆਂ ਨੂੰ ਕਵਰ ਕੀਤਾ ਜਾ ਰਿਹਾ ਹੈ।