ਚੰਡੀਗੜ੍ਹ 03 ਨਵੰਬਰ 2022: ਇਨਫੋਰਸਮੈਂਟ ਡਾਇਰੈਕਟੋਰੇਟ (ED) ਹੁਣ ਪੰਜਾਬ ਦੇ ਤਿੰਨ ਸਾਬਕਾ ਮੰਤਰੀਆਂ ਖਿਲਾਫ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰੇਗਾ। ਪੰਜਾਬ ਵਿਜੀਲੈਂਸ ਨੇ ਤਿੰਨ ਸਾਬਕਾ ਮੰਤਰੀਆਂ ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆ ਨਾਲ ਸਬੰਧਤ ਫਾਈਲਾਂ ਈਡੀ ਨੂੰ ਸੌਂਪ ਦਿੱਤੀਆਂ ਹਨ।
ਸੂਤਰਾਂ ਮੁਤਾਬਕ ਹੁਣ ਮੰਤਰੀਆਂ ਦੀ ਦੇਸ਼-ਵਿਦੇਸ਼ ‘ਚ ਪੈਸੇ ਦੇ ਲੈਣ-ਦੇਣ ਅਤੇ ਜਾਇਦਾਦ ਦੀ ਖਰੀਦ-ਵੇਚ ਦੀ ਜਾਂਚ ਕੀਤੀ ਜਾਵੇਗੀ। ਈਡੀ ਨੇ ਵਿਜੀਲੈਂਸ ਬਿਊਰੋ ਦੇ ਮੁਖੀ ਨੂੰ ਉਨ੍ਹਾਂ ਸਾਰੇ ਕੇਸਾਂ ਦੀਆਂ ਫਾਈਲਾਂ ਮੁਹੱਈਆ ਕਰਵਾਉਣ ਲਈ ਕਿਹਾ ਹੈ ਜਿਨ੍ਹਾਂ ਵਿੱਚ ਮੁਲਜ਼ਮਾਂ ‘ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼ ਹੈ। ਵਿਜੀਲੈਂਸ ਬਿਊਰੋ ਨੇ ਪਹਿਲਾਂ ਈਡੀ ਨੂੰ ਕਰੋੜਾਂ ਰੁਪਏ ਦੇ ਜੰਗਲਾਤ ਘੁਟਾਲੇ ਦੇ ਦਸਤਾਵੇਜ਼ ਮੁਹੱਈਆ ਕਰਵਾਏ ਸਨ। ਈਡੀ ਨੇ ਹੁਣ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸਾਹਮਣੇ ਆਏ ਲੁਧਿਆਣਾ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲਿਆਂ ਦੀਆਂ ਫਾਈਲਾਂ ਮੰਗੀਆਂ ਹਨ |
ਲੁਧਿਆਣਾ ਵਿੱਚ ਇੰਪਰੂਵਮੈਂਟ ਟਰੱਸਟ ਦੇ ਪਲਾਟ ਅਲਾਟਮੈਂਟ ਘੁਟਾਲੇ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੈ। ਇਸ ਵਿੱਚ ਟਰੱਸਟ ਦੀ ਈਓ ਕੁਲਜੀਤ ਕੌਰ ਸਮੇਤ 4 ਜਣਿਆ ਨੂੰ ਮੁਲਜ਼ਮ ਬਣਾਇਆ ਗਿਆ ਹੈ ਪਰ ਮੁੱਖ ਮੁਲਜ਼ਮ ਈਓ ਹੀ ਦੱਸਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਹੋਰ ਮੁਲਜ਼ਮਾਂ ਵਿੱਚ ਸੇਲਜ਼ ਕਲਰਕ ਪ੍ਰਵੀਨ ਕੁਮਾਰ, ਰਮਨ ਬਾਲਾਸੁਬਰਾਮਨੀਅਮ ਦੇ ਪੀਏ ਸੰਦੀਪ ਸ਼ਰਮਾ ਅਤੇ ਕਮਲਦੀਪ ਸਿੰਘ ਸਹਿ-ਦੋਸ਼ੀ ਵਜੋਂ ਸ਼ਾਮਲ ਹਨ।
ਵਿਜੀਲੈਂਸ ਦੀ ਜਾਂਚ ਅਨੁਸਾਰ ਮੁਲਜ਼ਮ ਚੇਅਰਮੈਨ ਅਤੇ ਹੋਰ ਸਿਆਸਤਦਾਨਾਂ ਨੂੰ ਪਲਾਟ ਅਲਾਟਮੈਂਟ ਦੀ ਬੋਲੀ ਵਿੱਚ ਧਾਂਦਲੀ ਦੇ ਕੇ ਰਿਸ਼ਵਤ ਲੈਂਦੇ ਸਨ। ਇਸ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਐਕਸੀਅਨ ਬੂਟਾ ਰਾਮ, ਜਗਦੇਵ ਸਿੰਘ, ਜੇਈ ਇੰਦਰਜੀਤ ਸਿੰਘ ਅਤੇ ਮਨਦੀਪ ਸਿੰਘ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।