ਚੰਡੀਗੜ੍ਹ 30 ਮਈ 2022: ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ (Health Minister Satinder Jain) ਨੂੰ ਈਡੀ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਤਿੰਦਰ ਜੈਨ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜਾਂਚ ਚੱਲ ਰਹੀ ਸੀ। ਸਤਿੰਦਰ ਨੂੰ ਅਰਵਿੰਦ ਕੇਜਰੀਵਾਲ ਦਾ ਕਰੀਬੀ ਮੰਨਿਆ ਜਾਂਦਾ ਹੈ। ਦੋ ਮਹੀਨੇ ਪਹਿਲਾਂ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਸੀਬੀਆਈ ਦੁਆਰਾ ਦਰਜ ਕੀਤੀ ਗਈ ਐਫਆਈਆਰ ਤੋਂ ਬਾਅਦ ਉਸਦੇ ਪਰਿਵਾਰ ਅਤੇ ਫਰਮਾਂ ਨਾਲ ਸਬੰਧਤ 4.81 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ਅਸਥਾਈ ਤੌਰ ‘ਤੇ ਕੁਰਕ ਕੀਤੀਆਂ ਗਈਆਂ ਸਨ। ਸੀਬੀਆਈ ਨੇ ਅਗਸਤ 2017 ਵਿੱਚ ਕੇਸ ਦਰਜ ਕੀਤਾ ਸੀ। ਬਾਅਦ ਵਿੱਚ ਇਹ ਮਾਮਲਾ ਈਡੀ ਨੂੰ ਟਰਾਂਸਫਰ ਕਰ ਦਿੱਤਾ ਗਿਆ।
ਇਸਦੇ ਨਾਲ ਹੀ ਈਡੀ ਦੇ ਅਨੁਸਾਰ, ਜਾਂਚ ਵਿੱਚ ਪਾਇਆ ਗਿਆ ਕਿ 2015-16 ਦੌਰਾਨ ਸਤੇਂਦਰ ਜੈਨ ਇੱਕ ਜਨਤਕ ਸੇਵਕ ਸੀ, ਤਦ ਉਸ ਦੁਆਰਾ ਨਿਯੰਤਰਿਤ ਅਤੇ ਮਾਲਕੀ ਵਾਲੀਆਂ ਕੰਪਨੀਆਂ ਨੇ ਕੋਲਕਾਤਾ ਅਧਾਰਤ ਐਂਟਰੀ ਆਪਰੇਟਰਾਂ ਨੂੰ ਨਕਦ ਟ੍ਰਾਂਸਫਰ ਦੇ ਬਦਲੇ ਸ਼ੈੱਲ ਕੰਪਨੀਆਂ ਤੋਂ 4.81 ਕਰੋੜ ਰੁਪਏ ਪ੍ਰਾਪਤ ਕੀਤੇ ਸਨ। । ਈਡੀ ਦੀ ਰਿਪੋਰਟ ਦੇ ਅਨੁਸਾਰ, ਇਸ ਰਕਮ ਦੀ ਵਰਤੋਂ ਜ਼ਮੀਨ ਦੀ ਸਿੱਧੀ ਖਰੀਦ ਲਈ ਜਾਂ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਖੇਤੀਬਾੜੀ ਜ਼ਮੀਨ ਦੀ ਖਰੀਦ ਲਈ ਲਏ ਗਏ ਕਰਜ਼ੇ ਦੀ ਅਦਾਇਗੀ ਲਈ ਕੀਤੀ ਗਈ ਸੀ।