ਚੰਡੀਗੜ੍ਹ, 11 ਨਵੰਬਰ 2024: ਇੰਗਲੈਂਡ ਅਤੇ ਕੀਨੀਆ ‘ਚ ਵੀ ਹਰਿਆਣਵੀ ਸੱਭਿਆਚਾਰ (Haryanvi culture) ਨੇ ਆਪਣੇ ਰੰਗ ਭਖੇਰੇ ਹਨ | ਇਸ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੀ ਪ੍ਰਸਿੱਧੀ ਵਿਦੇਸ਼ਾਂ ‘ਚ ਵੀ ਗੂੰਜ ਰਹੀ ਹੈ।
ਮੁੱਖ ਮੰਤਰੀ ਨੇ ਖੇਡ ਹੋਵੇ ਜਾਂ ਹਰਿਆਣਾ ਦਾ ਸੱਭਿਆਚਾਰ, ਹਰ ਖੇਤਰ ‘ਚ ਸਾਡੇ ਲੋਕ ਚਮਕ ਰਹੇ ਹਨ। ਵਿਦੇਸ਼ਾਂ ‘ਚ ਵਸਦੇ ਹਰਿਆਣਵੀਆਂ ਨੇ ਕੀਨੀਆ ਅਤੇ ਇੰਗਲੈਂਡ ‘ਚ ਹਰਿਆਣਾ ਦੇ ਸਥਾਪਨਾ ਦਿਹਾੜਾ ‘ਤੇ ਪ੍ਰੋਗਰਾਮ ਕਰਵਾ ਕੇ ਸਾਨੂੰ ਆਪਣੀ ਸੰਸਕ੍ਰਿਤੀ ਤੋਂ ਜਾਣੂ ਕਰਵਾਉਣ ‘ਚ ਵਡਮੁੱਲਾ ਯੋਗਦਾਨ ਪਾਇਆ ਹੈ।
ਉਨ੍ਹਾਂ ਕਿਹਾ ਕਿ ਲੰਡਨ, ਇੰਗਲੈਂਡ ਸਥਿਤ ਭਾਰਤੀ ਦੂਤਾਵਾਸ ਅਤੇ ਕੀਨੀਆ ‘ਚ ਹਰਿਆਣਾ ਐਸੋਸੀਏਸ਼ਨ ਆਫ ਕੀਨੀਆ ਵੱਲੋਂ ਕਰਵਾਏ ਪ੍ਰੋਗਰਾਮ ਦੌਰਾਨ ਹਰਿਆਣਾ ਦੇ ਗੌਰਵਮਈ ਇਤਿਹਾਸ ਅਤੇ ਸੱਭਿਆਚਾਰ ਨੂੰ ਉਜਾਗਰ ਕੀਤਾ ਗਿਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਲੰਡਨ ਅਤੇ ਕੀਨੀਆ ‘ਚ ਹਰਿਆਣਾ ਦਿਹਾੜੇ ਦੇ ਮੌਕੇ ‘ਤੇ ਕਰਵਾਏ ਸਮਾਗਮਾਂ ‘ਚ ਹਰਿਆਣਵੀ ਸੰਸਕ੍ਰਿਤੀ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨੂੰ ਦੇਖ ਕੇ ਉਥੋਂ ਦੇ ਨਿਵਾਸੀਆਂ ਵਿਚ ਆਨੰਦ ਆਇਆ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਬਹੁਤ ਸਾਰੇ ਲੋਕ ਵਿਦੇਸ਼ਾਂ ‘ਚ ਰਹਿ ਰਹੇ ਹਨ ਪਰ ਸਾਡੀ ਮਿੱਟੀ, ਸੰਸਕ੍ਰਿਤੀ ਅਤੇ ਪਰੰਪਰਾ ਹਮੇਸ਼ਾ ਉਨ੍ਹਾਂ ਦੇ ਦਿਲਾਂ ‘ਚ ਵਸੀ ਹੋਈ ਹੈ। ਇਸ ਲਈ ਉਹ ਵਿਦੇਸ਼ੀ ਧਰਤੀ ‘ਤੇ ਵੀ ਹਰਿਆਣਵੀ ਸੱਭਿਆਚਾਰ (Haryanvi culture) ਨੂੰ ਜਿਉਂਦਾ ਰੱਖਣ ਲਈ ਲਗਾਤਾਰ ਕੰਮ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਨਾ ਸਿਰਫ਼ ਸੂਬੇ ‘ਚ ਹਰਿਆਣਾ ਦਿਵਸ ਨੂੰ ਵਧੀਆ ਢੰਗ ਨਾਲ ਮਨਾਇਆ ਗਿਆ, ਸਗੋਂ ਵਿਦੇਸ਼ਾਂ ‘ਚ ਵੀ ਇਸ ਦਿਨ ਨੂੰ ਮਨਾ ਕੇ ਸਾਡੇ ਸੂਬੇ ਦੀ ਖੁਸ਼ਹਾਲੀ, ਵਿਰਾਸਤ ਅਤੇ ਗੌਰਵ ਨੂੰ ਯਾਦ ਕਰਨਾ ਸ਼ਲਾਘਾਯੋਗ ਹੈ। ਹਰਿਆਣਾ ਦੀ ਤਰੱਕੀ ਅਤੇ ਖੁਸ਼ਹਾਲੀ ‘ਚ ਵਿਦੇਸ਼ਾਂ ‘ਚ ਵਸਦੇ ਹਰਿਆਣਵੀਆਂ ਦਾ ਵੀ ਅਮੁੱਲ ਯੋਗਦਾਨ ਹੈ।