ਚੰਡੀਗੜ੍ਹ 12 ਅਕਤੂਬਰ 2022: ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਨਗਰ ਕੌਂਸਲ, ਜ਼ੀਰਕਪੁਰ, ਐਸ.ਏ.ਐਸ. ਨਗਰ ਵਿਖੇ ਪਹਿਲਾਂ ਤਾਇਨਾਤ ਰਹੇ ਕਾਰਜਕਾਰੀ ਅਫਸਰ (ਈ.ਓ.) ਗਿਰੀਸ਼ ਵਰਮਾ ਵਿਰੁੱਧ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਆਮਦਨੀ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਮੌਜੂਦਾ ਸਮੇਂ ਈ.ਓ. ਭਿੱਵੀਵਿੰਡ, ਅੰਮ੍ਰਿਤਸਰ ਵਿਖੇ ਤਾਇਨਾਤ ਗਿਰੀਸ਼ ਵਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਬਿਊਰੋ ਨੂੰ ਵਰਮਾ ਦੀਆਂ 10 ਵੱਖ-ਵੱਖ ਜਾਇਦਾਦਾਂ ਦਾ ਪਤਾ ਲੱਗਾ ਹੈ ਜਿਹਨਾਂ ਨੂੰ ਈ.ਓ. ਵੱਲੋਂ ਆਪਣੇ ਨਾਂ ਤੋਂ ਇਲਾਵਾ ਆਪਣੀ ਪਤਨੀ ਸੰਗੀਤਾ ਵਰਮਾ ਅਤੇ ਪੁੱਤਰ ਵਿਕਾਸ ਵਰਮਾ ਦੇ ਨਾਂ ‘ਤੇ ਖਰੀਦਿਆ ਗਿਆ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਪੁੱਤਰ ਦੇ ਨਾਂ ‘ਤੇ ਦੋ ਪ੍ਰਾਪਰਟੀ ਡਿਵੈਲਪਰ ਫਰਮਾਂ ‘ਚ 01 ਕਰੋੜ 32 ਲੱਖ ਰੁਪਏ ਦਾ ਨਿਵੇਸ਼ ਵੀ ਕੀਤਾ ਹੋਇਆ ਸੀ।
ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਉਨ੍ਹਾਂ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕਰੇਗਾ ਜਿਨ੍ਹਾਂ ਨੇ ਗਿਰੀਸ਼ ਵਰਮਾ ਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿੱਚ ਵੱਡੀਆਂ ਰਕਮਾਂ ਟਰਾਂਸਫਰ ਕੀਤੀਆਂ ਸੀ। ਉਹਨਾਂ ਅੱਗੇ ਕਿਹਾ ਕਿ ਬਿਊਰੋ ਵੱਲੋਂ ਅਗਲੇਰੀ ਜਾਂਚ ਦੌਰਾਨ ਦੋਸ਼ੀ ਵੱਲੋਂ ਇਕੱਤਰ ਕੀਤੀ ਹੋਰ ਗੁਪਤ ਚੱਲ/ਅਚੱਲ ਜਾਇਦਾਦ ਸਮੇਤ ਉੱਚ ਸਰਕਾਰੀ ਅਧਿਕਾਰੀਆਂ ਤੇ ਕਾਰੋਬਾਰੀਆਂ ਨਾਲ ਉਸਦੇ ਸਬੰਧਾਂ ਦਾ ਪਤਾ ਲਗਾਇਆ ਜਾਵੇਗਾ ਤਾਂ ਜੋ ਦੋਸ਼ੀ ਵੱਲੋਂ ਉਸਦੀ ਤਾਇਨਾਤੀ ਦੌਰਾਨ ਵੱਖ-ਵੱਖ ਥਾਵਾਂ ਉਤੇ ਕੀਤੇ ਨਿਵੇਸ਼ਾਂ ਦੀ ਜਾਂਚ ਕੀਤੀ ਜਾ ਸਕੇ।
ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਉਪਰੋਕਤ ਮੁਲਜ਼ਮ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਦੀ ਜਾਂਚ ਲਈ ਮਿਤੀ 01-04-2008 ਤੋਂ 31-03-2021 ਤੱਕ ਚੈਕ ਪੀਰੀਅਡ ਨਿਰਧਾਰਤ ਕੀਤਾ ਅਤੇ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਅਧਿਕਾਰੀ ਨੇ ਉਕਤ ਸਮੇਂ ਦੌਰਾਨ ਆਪਣੀ ਆਮਦਨ ਦੇ ਸਾਰੇ ਸਰੋਤਾਂ ਤੋਂ 7,95,76,097 ਰੁਪਏ ਪ੍ਰਾਪਤ ਕੀਤੇ ਅਤੇ ਇਸ ਸਮੇਂ ਦੌਰਾਨ ਉਸ ਨੇ 15,11,15,448 ਰੁਪਏ ਖਰਚ ਕੀਤੇ। ਇਸ ਤਰ੍ਹਾਂ ਇਹ ਪਾਇਆ ਗਿਆ ਕਿ ਉਸਨੇ 7,15,39,352 ਰੁਪਏ ਤੋਂ ਵੱਧ ਖਰਚ ਕੀਤੇ ਜੋ ਕਿ ਇਸਦੀ ਆਮਦਨ ਦਾ 89.90 ਪ੍ਰਤੀਸ਼ਤ ਬਣਦਾ ਹੈ ਅਤੇ ਇਹ ਧਨ ਉਸ ਨੇ ਭ੍ਰਿਸ਼ਟਾਚਾਰ ਰਾਹੀਂ ਇਕੱਠੇ ਕੀਤਾ ਸੀ। ਇਸ ਪੜਤਾਲ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਬੀ), 13 (2) ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਐਸ.ਏ.ਐਸ.ਨਗਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਸ਼ੱਕੀ ਦੁਆਰਾ ਬਣਾਈਆਂ ਗਈਆਂ ਨਾਮੀ/ਬੇਨਾਮੀ ਜਾੲੋਦਾਦਾਂ ਤੇ ਨਿਵੇਸ਼ ਕੀਤੇ ਧਨ ਦਾ ਵੇਰਵਾ ਹੇਠ ਲਿਖੇ ਅਨਸੁਾਰ ਹੈ :
1. ਉਕਤ ਸ਼ੱਕੀ ਅਧਿਕਾਰੀ ਵੱਲੋਂ ਇੱਕ ਸ਼ੋਅਰੂਮ ਨੰਬਰ 136, ਸੈਕਟਰ 14, ਅਰਬਨ ਅਸਟੇਟ ਪੰਚਕੂਲਾ ਵਿਖੇ ਖਰੀਦਿਆ ਹੋਇਆ ਹੈ।
2. ਇਸ ਸ਼ੱਕੀ ਵੱਲੋਂ ਕੋਠੀ ਨੰਬਰ 432, ਸੈਕਟਰ 12, ਅਰਬਨ ਅਸਟੇਟ ਪੰਚਕੂਲਾ ਵਿਖੇ ਖਰੀਦੀ ਹੋਈ ਹੈ।
3. ਸ਼ੱਕੀ ਵੱਲੋਂ ਆਪਣੀ ਪਤਨੀ ਸ਼੍ਰੀਮਤੀ ਸੰਗੀਤਾ ਵਰਮਾ ਦੇ ਨਾਮ ਉਪਰ ਪਲਾਟ ਨੰਬਰ 21, ਡਬਲਯੂ. ਡਬਲਯੂ. ਆਰ. ਡਬਲਯੂ. ਸੁਸਾਇਟੀ, ਬਲਾਕ-ਬੀ, ਪਿੰਡ ਕਾਂਸਲ ਵਿਖੇ ਖਰੀਦਣ ਲਈ ਬਿਆਨਾ ਕੀਤਾ ਹੋਇਆ ਹੈ।
4. ਸ਼ੱਕੀ ਵੱਲੋਂ ਆਪਣੀ ਪਤਨੀ ਸੰਗੀਤਾ ਵਰਮਾ ਦੇ ਨਾਮ ਪਰ ਹੋਰ ਵਿਅਕਤੀਆਂ ਨਾਲ ਰਲਕੇ ਮਕਾਨ ਨੰਬਰ ਬੀ-4, 2047/1, ਚੌੜਾ ਬਜਾਰ ਲੁਧਿਆਣਾ ਵਿਖੇ ਖਰੀਦਿਆ ਹੋਇਆ ਹੈ।
5. ਸ਼ੱਕੀ ਵੱਲੋਂ ਆਪਣੀ ਪਤਨੀ ਸੰਗੀਤਾ ਵਰਮਾ ਦੇ ਨਾਮ ਉਪਰ ਇੱਕ ਕਮਰਸ਼ੀਅਲ ਪਲਾਟ ਨੰਬਰ 14, ਰਕਬਾ 150 ਵਰਗ ਗਜ ਯੂ.ਐਸ. ਅਸਟੇਟ ਢਕੋਲੀ, ਜੀਰਕਪੁਰ ਵਿਖੇ ਖਰੀਦਿਆ ਹੋਇਆ ਹੈ।
6. ਸ਼ੱਕੀ ਵੱਲੋਂ ਆਪਣੀ ਪਤਨੀ ਸੰਗੀਤਾ ਵਰਮਾ ਦੇ ਨਾਮ ਉਪਰ ਪਿੰਡ ਖੁਡਾਲ ਕਲਾਂ ਵਿਖੇ 19 ਕਨਾਲ 16 ਮਰਲੇ ਜਮੀਨ ਖਰੀਦੀ ਹੋਈ ਹੈ।
7. ਸ਼ੱਕੀ ਦੀ ਪਤਨੀ ਸੰਗੀਤਾ ਵਰਮਾ ਵੱਲੋਂ ਸ਼ੋਅਰੂਮ ਨੰਬਰ 25, ਗਰਾਉਂਡ ਫਲੋਰ, ਸੁਸ਼ਮਾ ਇੰਪੀਰੀਅਲ, ਜੀਰਕਪੁਰ ਵਿਖੇ 51 ਲੱਖ ਰੁਪਏ ਦੇਕੇ ਬੁੱਕ ਕਰਵਾਇਆ ਹੋਇਆ ਹੈ।
8. ਇਸ ਦੇ ਲੜਕੇ ਵਿਕਾਸ ਵਰਮਾ ਵੱਲੋਂ 49 ਲੱਖ ਰੁਪਏ ਦੇਕੇ ਸ਼ੋਅਰੂਮ ਨੰਬਰ 26, ਗਰਾਉਂਡ ਫਲੋਰ, ਸੁਸ਼ਮਾ ਇੰਪੀਰੀਅਲ, ਜੀਰਕਪੁਰ ਵਿਖੇ 51 ਲੱਖ ਰੁਪਏ ਦੇਕੇ ਬੁੱਕ ਕਰਵਾਇਆ ਹੋਇਆ ਹੈ।
9. ਸ਼ੱਕੀ ਵੱਲੋਂ ਆਪਣੇ ਲੜਕੇ ਵਿਕਾਸ ਵਰਮਾ ਦੇ ਨਾਮ ਉਪਰ ਇੱਕ ਕਮਰਸ਼ੀਅਲ ਪਲਾਟ ਨੰਬਰ 16, ਰਕਬਾ 142.50 ਵਰਗ ਗਜ ਯੂ.ਐਸ. ਅਸਟੇਟ ਢਕੋਲੀ ਵਿਖੇ ਖਰੀਦਿਆ ਹੋਇਆ ਹੈ।
10. ਸ਼ੱਕੀ ਵੱਲੋਂ ਆਪਣੇ ਲੜਕੇ ਵਿਕਾਸ ਵਰਮਾ ਦੇ ਨਾਮ ਉਪਰ ਇੱਕ ਕਮਰਸ਼ੀਅਲ ਪਲਾਟ ਨੰਬਰ 17, ਰਕਬਾ 142.50 ਵਰਗ ਗਜ ਯੂ.ਐਸ. ਅਸਟੇਟ ਢਕੋਲੀ ਵਿਖੇ ਖਰੀਦਿਆ ਹੋਇਆ ਹੈ।
11. ਸ਼ੱਕੀ ਦੇ ਲੜਕੇ ਵਿਕਾਸ ਵਰਮਾ ਵੱਲੋਂ ਬਾਲਾਜੀ ਇੰਟਫਰਾ ਬਿਲਡਟੈਕ ਫਰਮ ਵਿੱਚ 56 ਲੱਖ ਰੁਪਏ ਦੀ ਇੰਨਵੈਸਟਮੈਂਟ ਕੀਤੀ ਹੋਈ ਹੈ।
12. ਬਾਲਾਜੀ ਡਿਵੈਲਪਰ ਖਰੜ ਵਿੱਚ ਸ਼ੱਕੀ ਦੇ ਲੜਕੇ ਵਿਕਾਸ ਵਰਮਾ ਵੱਲੋਂ 76 ਲੱਖ ਰੁਪਏ ਇੰਨਵੈਸਟ ਕੀਤੇ ਗਏ ਹਨ।