ਚੰਡੀਗੜ੍ਹ 12 ਅਪ੍ਰੈਲ 2022: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਾਂਗਰਸ ਨੇਤਾ ਪਵਨ ਬਾਂਸਲ (Pawan Bansal) ‘ਨੈਸ਼ਨਲ ਹੈਰਾਲਡ’ ਅਖ਼ਬਾਰ ਦੇ ਮਾਲਕ ਅਤੇ ਪਾਰਟੀ ਸਮਰਥਿਤ ‘ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ’ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛਗਿੱਛ ਕੀਤੀ | ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਸਵੇਰੇ ਕਰੀਬ 10.30 ਵਜੇ ਮੱਧ ਦਿੱਲੀ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਨਵੇਂ ਹੈੱਡਕੁਆਰਟਰ ‘ਚ ਕਈ ਫ਼ਾਈਲਾਂ ਨਾਲ ਲੈ ਕੇ ਪਹੁੰਚੇ।
ਇਸਦੇ ਨਾਲ ਹੀ ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐਮ.ਐਲ.ਏ.) ਦੀਆਂ ਅਪਰਾਧਕ ਧਾਰਾਵਾਂ ਤਹਿਤ ਉਸ ਦਾ ਬਿਆਨ ਦਰਜ ਕਰੇਗੀ। ਡਾਇਰੈਕਟੋਰੇਟ ਨੇ ਸੋਮਵਾਰ ਨੂੰ ਇੱਥੇ ਸੀਨੀਅਰ ਕਾਂਗਰਸ ਨੇਤਾ ਅਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਤੋਂ ਵੀ 5 ਘੰਟੇ ਪੁੱਛਗਿੱਛ ਕੀਤੀ। ‘ਨੈਸ਼ਨਲ ਹੈਰਾਲਡ’ ‘ਐਸੋਸੀਏਟਿਡ ਜਰਨਲਜ਼ ਲਿਮਿਟੇਡ’ (ਏ.ਜੇ.ਐਲ.) ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ‘ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ’ ਦੀ ਮਲਕੀਅਤ ਹੈ। ਖੜਗੇ ‘ਯੰਗ ਇੰਡੀਅਨ’ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਦੱਸੇ ਜਾਂਦੇ ਹਨ ਅਤੇ ਬਾਂਸਲ (73) ਏ.ਜੇ.ਐਲ. ਦੇ ਪ੍ਰਬੰਧ ਨਿਰਦੇਸ਼ਕ ਅਤੇ ਕਾਂਗਰਸ ਦੇ ਅੰਤਰਿਮ ਖਜ਼ਾਨਚੀ ਵੀ ਹਨ।
ਮਾਮਲੇ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਕਾਂਗਰਸ ਦੇ ਸੀਨੀਅਰ ਨੇਤਾਵਾਂ ਤੋਂ ਪੁੱਛਗਿੱਛ ਸ਼ੇਅਰਹੋਲਡਿੰਗ, ਵਿੱਤੀ ਲੈਣ-ਦੇਣ ਅਤੇ ‘ਯੰਗ ਇੰਡੀਅਨ’ ਅਤੇ ਏ.ਜੇ.ਐਲ. ਦੇ ਪ੍ਰਮੋਟਰਾਂ ਦੀ ਭੂਮਿਕਾ ਨੂੰ ਸਮਝਣ ਲਈ ਈ.ਡੀ. ਦੀ ਜਾਂਚ ਦਾ ਹਿੱਸਾ ਹੈ। ਸੂਤਰਾਂ ਨੇ ਦੱਸਿਆ ਸੀ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਵੱਲੋਂ 2013 ‘ਚ ਦਰਜ ਕਰਵਾਈ ਇਕ ਅਪਰਾਧਿਕ ਸ਼ਿਕਾਇਤ ਦੇ ਆਧਾਰ ‘ਤੇ, ਇੱਥੋਂ ਦੀ ਇਕ ਹੇਠਲੀ ਅਦਾਲਤ ਨੇ ‘ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ’ ਵਿਰੁੱਧ ਇਨਕਮ ਟੈਕਸ ਵਿਭਾਗ ਦੀ ਜਾਂਚ ਦਾ ਨੋਟਿਸ ਲਿਆ ਸੀ। ਇਸ ਤੋਂ ਬਾਅਦ, ਏਜੰਸੀ ਨੇ ਪੀ.ਐਮ.ਐਲ.ਏ. ਦੀਆਂ ਅਪਰਾਧਕ ਧਾਰਾਵਾਂ ਤਹਿਤ ਨਵਾਂ ਕੇਸ ਦਰਜ ਕੀਤਾ ਸੀ।
ਏਜੰਸੀ ਜਲਦੀ ਹੀ ‘ਯੰਗ ਇੰਡੀਅਨ’ ਦੇ ਹੋਰ ਪ੍ਰਮੋਟਰਾਂ ਵਿਰੁੱਧ ਵੀ ਸੰਮਨ ਜਾਰੀ ਕਰ ਸਕਦੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ‘ਯੰਗ ਇੰਡੀਅਨ’ ਦੇ ਪ੍ਰਮੋਟਰਾਂ ਅਤੇ ਸ਼ੇਅਰਧਾਰਕਾਂ ਵਿਚ ਸ਼ਾਮਲ ਹਨ। ਕਾਂਗਰਸ ਦੇ ਸੰਸਦ ਮੈਂਬਰ ਮਾਨਿਕਮ ਟੈਗੋਰ ਨੇ ਸੋਮਵਾਰ ਨੂੰ ਦੋਸ਼ ਲਗਾਇਆ ਸੀ ਕਿ ਸਰਕਾਰ ਖੜਗੇ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਪੁੱਛਗਿੱਛ ਦੇ ਸਬੰਧ ਵਿੱਚ ਦਲਿਤ ਨੇਤਾਵਾਂ ਨੂੰ ਜ਼ਲੀਲ ਕਰਨਾ ਚਾਹੁੰਦੀ ਹੈ।