July 7, 2024 10:11 am
Shiromani Committee

ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ ਇਜਲਾਸ ਦੌਰਾਨ ਹਰਿਆਣਾ ਗੁਰਦੁਆਰਾ ਐਕਟ ਵਿਰੁੱਧ ਕਰੜੇ ਸੰਘਰਸ਼ ਦਾ ਐਲਾਨ

ਅੰਮ੍ਰਿਤਸਰ 30 ਸਤੰਬਰ 2022: ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਮਾਨਤਾ ਦੇਣ ਵਾਲੇ ਫੈਸਲੇ ਵਿਰੁੱਧ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦੇ ਵਿਸ਼ੇਸ਼ ਇਜਲਾਸ ਦੌਰਾਨ ਅਹਿਮ ਮਤੇ ਪਾਸ ਕਰਦਿਆਂ ਹਰ ਪੱਧਰ ’ਤੇ ਕਰੜਾ ਸੰਘਰਸ਼ ਲੜ੍ਹਨ ਦਾ ਐਲਾਨ ਕੀਤਾ ਗਿਆ। ਇਹ ਵਿਸ਼ੇਸ਼ ਇਜਲਾਸ ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਹੋਈ, ਜਿਸ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ 90 ਦੇ ਕਰੀਬ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਭਾਰਤ ਦੇ ਚੀਫ ਜਸਿਟਸ ਨੂੰ ਅਪੀਲ ਕੀਤੀ ਗਈ ਕਿ ਉਹ ਹਰਿਆਣਾ ਕਮੇਟੀ ਸਬੰਧੀ ਫੈਸਲੇ ’ਤੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਦਾ ਗਠਨ ਕਰਕੇ ਮੁੜ ਵਿਚਾਰ ਕਰਨ ਦੇ ਆਦੇਸ਼ ਜਾਰੀ ਕਰਨ। ਇਸ ਦੇ ਨਾਲ ਹੀ ਭਾਰਤ ਦੇ ਗ੍ਰਹਿ ਮੰਤਰੀ ਨੂੰ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਭਾਰਤ ਸਰਕਾਰ ਤਰਫੋਂ ਸੁਪਰੀਮ ਕੋਰਟ ਅੰਦਰ ਰੀਵਿਊ ਪਟੀਸ਼ਨ ਪਾਈ ਜਾਵੇ ਅਤੇ ਹਰਿਆਣਾ ਕਮੇਟੀ ਐਕਟ ਨੂੰ ਰੱਦ ਕਰਨ ਲਈ ਸੰਸਦ ਅੰਦਰ ਆਰਡੀਨੈਂਸ ਪਾਸ ਕੀਤਾ ਜਾਵੇ।

4 ਅਕਤੂਬਰ 2022 ਨੂੰ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ

ਇਸ ਮੌਕੇ ਗ੍ਰਹਿ ਮੰਤਰੀ ਪਾਸੋਂ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦੀ ਸਥਾਪਨਾ ਲਈ ਕਾਰਵਾਈ ਅੱਗੇ ਵਧਾਉਣ ਦੀ ਵੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਇਜਲਾਸ ਦੌਰਾਨ 4 ਅਕਤੂਬਰ 2022 ਨੂੰ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕਰਕੇ ਆਰਐਸਐਸ ਤੇ ਹਰਿਆਣਾ ਕਮੇਟੀ ਵਿਰੁੱਧ ਮੈਮੋਰੰਡਮ ਸੌਂਪਣ ਅਤੇ 7 ਅਕਤੂਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਸੰਗਤ ’ਚ ਚੇਤਨਾ ਲਈ ਮਾਰਚ ਆਯੋਜਤ ਕਰਨ ਦਾ ਵੀ ਐਲਾਨ ਕੀਤਾ ਗਿਆ।

ਇਹ ਵੀ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਨੂੰ ਤੋੜਨ ਵਿਰੁੱਧ ਹਰਿਆਣਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਦੇ ਘਿਰਾਉ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ ਅਤੇ ਜੇਕਰ ਸਰਕਾਰਾਂ ਦੇ ਕੰਨ ਨਾ ਖੁੱਲ੍ਹੇ ਤਾਂ ਸਮੂਹ ਸ਼੍ਰੋਮਣੀ ਕਮੇਟੀ ਮੈਂਬਰ ਦਿੱਲੀ ਵਿਖੇ ਇਕ ਜ਼ੋਰਦਾਰ ਧਰਨਾ ਪ੍ਰਦਰਸ਼ਨ ਕਰਨਗੇ।

ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਸਮੇਤ ਬੁਲਾਰਿਆਂ ਨੇ ਸਰਕਾਰਾਂ ਵਿਰੁੱਧ ਹਮਲਾਵਰ ਰੁਖ਼ ਅਪਨਾਉਂਦਿਆਂ ਕਿਹਾ ਕਿ ਸਿੱਖਾਂ ਦੀ ਉੱਚ ਦੁਮਾਲੜੀ ਸੰਸਥਾ ਸ਼੍ਰੋਮਣੀ ਕਮੇਟੀ ਦੀ ਸਲਾਮਤੀ ਲਈ ਸਮੁੱਚੇ ਖਾਲਸਾ ਪੰਥ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਇਕਜੁਟ ਹੋ ਕੇ ਸੰਘਰਸ਼ ਲੜਿਆ ਜਾਵੇਗਾ। ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਵਾਲੀਆਂ ਧਿਰਾਂ ਕਾਂਗਰਸ, ਭਾਜਪਾ, ਆਰਐਸਐਸ ਤੇ ਆਮ ਆਦਮੀ ਪਾਰਟੀ ਦੀਆ ਚਾਲਾਂ ਸਫ਼ਲ ਨਹੀਂ ਹੋਣ ਦਿੱਤੀਆਂ ਜਾਣਗੀਆਂ।

ਐਡਵੋਕੇਟ ਧਾਮੀ ਨੇ ਕਿਹਾ ਕਿ ਵੱਖਰੀ ਹਰਿਆਣਾ ਕਮੇਟੀ ਦਾ ਬੀਜ ਕਾਂਗਰਸ ਨੇ ਬੀਜਿਆ ਸੀ, ਜਿਸ ਨੂੰ ਆਰਐਸਐਸ ਦੀ ਸ਼ਹਿ ‘’ਤੇ ਭਾਜਪਾ ਤੇ ਆਮ ਆਦਮੀ ਪਾਰਟੀ ਨੇ ਪਾਣੀ ਦਿੱਤਾ। ਉਨ੍ਹਾਂ ਆਖਿਆ ਕਿ ਜੇਕਰ ਅੱਜ ਹਰਿਆਣਾ ਦੀ ਵੱਖਰੀ ਕਮੇਟੀ ਬਣ ਜਾਂਦੀ ਹੈ ਤਾਂ ਕੱਲ੍ਹ ਨੂੰ ਇਹ ਸਿੱਖ ਵਿਰੋਧੀ ਸ਼ਕਤੀਆਂ ਪੰਜਾਬ ਅੰਦਰਲੇ ਤਖ਼ਤਾਂ ਅਤੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਹਥਿਆਉਣ ਤੱਕ ਪਹੁੰਚ ਜਾਣਗੀਆਂ।

ਇਜਲਾਸ ਦੌਰਾਨ ਆਪਣੇ ਸੰਬੋਧਨ ਵਿਚ ਐਡਵੋਕੇਟ ਧਾਮੀ ਨੇ ਇਕ ਵਿਸ਼ੇਸ਼ ਮਤਾ ਲਿਆਉਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਸਾਰੀਆਂ ਸਿੱਖ ਸੰਪ੍ਰਦਾਵਾਂ, ਸਭਾ ਸੁਸਾਇਟੀਆਂ, ਗੁਰਮਤਿ ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ, ਸੇਵਾ ਪੰਥੀਆਂ, ਨਿਰਮਲਿਆਂ ਸਮੇਤ ਦੇਸ਼ ਵਿਦੇਸ਼ ਪ੍ਰਮੁੱਖ ਸਿੱਖਾਂ ਦੀ ਇਕ ਵਿਸ਼ੇਸ਼ ਬੈਠਕ ਬੁਲਾਉਣ ਅਤੇ ਇਸ ਸੰਜੀਦਾ ਮਸਲੇ ’ਤੇ ਮਿਲੀ ਰਾਇ ਮਗਰੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਠੋਸ ਫੈਸਲਾ ਲੈਣ। ਉਨ੍ਹਾਂ ਹਰਿਆਣਾ ਸਮੇਤ ਸਮੁੱਚੀਆਂ ਸਿੱਖ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿੱਖ ਵਿਰੋਧੀ ਤਾਕਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਹੱਥਾਂ ’ਚ ਖੇਡਣ ਵਾਲੇ ਸਿੱਖ ਚਿਹਰਿਆਂ ਤੋਂ ਵੀ ਸੁਚੇਤ ਰਹਿਣ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਕੌਮ ਦੀ ਰੂਹ ’ਤੇ ਕੀਤਾ ਗਿਆ ਵਾਰ ਹੈ, ਜਿਸ ਦੇ ਦਿੱਤੇ ਜ਼ਖ਼ਮਾਂ ਨਾਲ ਸਿੱਖ ਕੌਮ ਸੰਗਠਤ ਰੂਪ ਵਿਚ ਅੱਗੇ ਵਧਣ ਲਈ ਤਿਆਰ ਹੈ।