July 2, 2024 7:17 pm
Haryana

ਹਰਿਆਣਾ ‘ਚ ਪੰਚਾਇਤੀ ਚੋਣਾਂ ਦੌਰਾਨ ਕੈਥਲ ‘ਚ ਜਾਅਲੀ ਵੋਟਿੰਗ ਨੂੰ ਲੈ ਕੇ ਹੰਗਾਮਾ, ਕਈ ਥਾਵਾਂ ‘ਤੇ ਹੋਈ ਝੜਪ

ਚੰਡੀਗੜ੍ਹ 02 ਨਵੰਬਰ 2022: ਹਰਿਆਣਾ (Haryana) ਵਿਚ ਪੰਚਾਇਤੀ ਚੋਣਾਂ (Panchayat Elections) ਦੇ ਪਹਿਲੇ ਪੜਾਅ ‘ਚ ਬੁੱਧਵਾਰ ਨੂੰ 9 ਜ਼ਿਲਿਆਂ ‘ਚ ਸਰਪੰਚ-ਪੰਚ ਲਈ ਵੋਟਿੰਗ ਜਾਰੀ ਹੈ । ਹਰਿਆਣਾ ਦੇ ਭਿਵਾਨੀ, ਝੱਜਰ, ਜੀਂਦ, ਕੈਥਲ, ਮਹਿੰਦਰਗੜ੍ਹ, ਨੂਹ, ਪੰਚਕੂਲਾ, ਪਾਣੀਪਤ ਅਤੇ ਯਮੁਨਾਨਗਰ ਜ਼ਿਲ੍ਹਿਆਂ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਨੌਂ ਜ਼ਿਲ੍ਹਿਆਂ ਵਿੱਚ ਸਵੇਰੇ 11 ਵਜੇ ਤੱਕ 26 ਫੀਸਦੀ ਵੋਟਾਂ ਹੋ ਚੁੱਕੀ ਹੈ । ਪਹਿਲੇ 4 ਘੰਟਿਆਂ ‘ਚ ਨੂਹ ਜ਼ਿਲਾ ਵੋਟਿੰਗ ‘ਚ ਸਭ ਤੋਂ ਅੱਗੇ ਰਿਹਾ। ਇੱਥੇ 31 ਫੀਸਦੀ ਵੋਟਰਾਂ ਨੇ ਆਪਣੀ ਵੋਟ ਪਾਈ ਹੈ। ਭਿਵਾਨੀ, ਝੱਜਰ ਅਤੇ ਕੈਥਲ ਜ਼ਿਲ੍ਹਿਆਂ ਵਿੱਚ ਵੋਟਿੰਗ ਹੌਲੀ ਹੈ।

ਦੂਜੇ ਪਾਸੇ ਕੈਥਲ ਦੇ ਖੜਕ ਪਾਂਡਵਾਂ ‘ਚ ਜਾਅਲੀ ਵੋਟਿੰਗ ਦੇ ਵਿਰੋਧ ‘ਚ ਲੋਕਾਂ ਨੇ ਨੈਸ਼ਨਲ ਹਾਈਵੇਅ ‘ਤੇ ਜਾਮ ਲਗਾ ਦਿੱਤਾ ਹੈ। ਇੱਕ ਧਿਰ ਨੇ ਦੂਜੀ ਧਿਰ ’ਤੇ ਵੋਟਾਂ ਵਿੱਚ ਧਾਂਦਲੀ ਦਾ ਦੋਸ਼ ਲਾ ਕੇ ਚੋਣ ਦਾ ਬਾਈਕਾਟ ਕਰ ਦਿੱਤਾ ਹੈ। ਇਸਦੇ ਨਾਲ ਨੂਹ ‘ਚ ਵੀ ਪੰਚਾਇਤੀ ਚੋਣਾਂ ਦੌਰਾਨ ਦੋ ਧੜਿਆਂ ‘ਚ ਝੜਪ, ਕਈ ਜਣੇ ਜ਼ਖਮੀ ਹੋ ਗਏ ਹਨ ।ਇਸਦੇ ਨਾਲ ਹੀ ਝੱਜਰ ਦੇ ਪਿੰਡ ਕੋਟ ਵਿੱਚ ਪੋਲਿੰਗ ਬੂਥ ਦੇ ਬਾਹਰ ਪਿੰਡ ਵਾਸੀਆਂ ਨੇ ਹੰਗਾਮਾ ਕੀਤਾ। ਜਿਸ ਤੋਂ ਬਾਅਦ ਪੋਲਿੰਗ ਰੋਕ ਦਿੱਤੀ ਗਈ ਸੀ, ਤਹਿਸੀਲਦਾਰ ਅਤੇ ਡੀਐਸਪੀ ਨੇ ਮੌਕੇ ’ਤੇ ਪਹੁੰਚ ਕੇ ਵੋਟਿੰਗ ਸ਼ੁਰੂ ਕਰਵਾਈ।

ਨਾਰਨੌਲ ਦੇ ਨਿਜ਼ਾਮਪੁਰ ਬਲਾਕ ਦੇ ਪਿੰਡ ਰੋਪੜ ਸਰਾਏ ਵਿੱਚ ਪੋਲਿੰਗ ਬੂਥ ਦੇ ਬਾਹਰ ਦੋ ਗੁੱਟਾਂ ਵਿਚਾਲੇ ਪਥਰਾਅ ਹੋਇਆ। ਪਥਰਾਅ ‘ਚ 10 ਤੋਂ 12 ਜਣੇ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੂਚਨਾ ਮਿਲਣ ‘ਤੇ ਐਸਪੀ ਵਿਕਰਾਂਤ ਭੂਸ਼ਣ ਮੌਕੇ ‘ਤੇ ਪਹੁੰਚੇ। ਗੰਭੀਰ ਜ਼ਖਮੀਆਂ ਨੂੰ ਜੈਪੁਰ ਲਿਜਾਇਆ ਗਿਆ। ਪੋਲਿੰਗ ਸਟੇਸ਼ਨ ‘ਤੇ ਵੋਟਿੰਗ ਚੱਲ ਰਹੀ ਹੈ, ਪੋਲਿੰਗ ਸਟੇਸ਼ਨ ‘ਤੇ ਤਣਾਅ ਦਾ ਮਾਹੌਲ ਹੈ।