ਚੰਡੀਗੜ੍ਹ, 15 ਸਤੰਬਰ 2023: ਆਰਥਿਕ ਸੰਕਟ ਦੇ ਵਿਚਕਾਰ ਪਾਕਿਸਤਾਨ ਦੀ ਰਾਸ਼ਟਰੀ ਹਵਾਬਾਜ਼ੀ ਸੇਵਾ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (Pakistan Airlines) ਦਾ ਕੰਮ ਠੱਪ ਹੋਣ ਦੀ ਕਗਾਰ ‘ਤੇ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੂੰ ਕਿਰਾਏ ‘ਤੇ ਲਏ 13 ਜਹਾਜ਼ਾਂ ‘ਚੋਂ 5 ਦੀਆਂ ਉਡਾਣਾਂ ਰੱਦ ਕਰਨੀਆਂ ਪਈਆਂ ਹਨ। ਇਸਦੇ ਨਾਲ ਹੀ 4 ਹੋਰ ਜਹਾਜ਼ਾਂ ਨਾਲ ਵੀ ਅਜਿਹਾ ਹੋਣ ਦੀ ਸੰਭਾਵਨਾ ਹੈ।
ਪੀਆਈਏ (Pakistan Airlines) ਨੂੰ ਸਹੀ ਢੰਗ ਨਾਲ ਚਲਾਉਣ ਲਈ 23 ਅਰਬ ਪਾਕਿਸਤਾਨੀ ਰੁਪਏ ਯਾਨੀ 636 ਕਰੋੜ ਰੁਪਏ ਦੀ ਫੌਰੀ ਲੋੜ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਪੀਆਈਏ ਦੇ ਜਹਾਜ਼ਾਂ ਨੂੰ ਈਂਧਨ ਦਾ ਭੁਗਤਾਨ ਨਾ ਹੋਣ ਕਾਰਨ ਕਈ ਖਾੜੀ ਦੇਸ਼ਾਂ ਵਿੱਚ ਵੀ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਹੈ। ਪੀਆਈਏ ‘ਤੇ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ, ਜੋ ਉਸ ਦੀ ਕੁੱਲ ਜਾਇਦਾਦ ਤੋਂ 5 ਗੁਣਾ ਜ਼ਿਆਦਾ ਹੈ।
ਪਾਕਿਸਤਾਨ ਦੀ ਨਿਊਜ਼ ਵੈੱਬਸਾਈਟ ਜੀਓ ਨਿਊਜ਼ ਮੁਤਾਬਕ ਪੀਆਈਏ ਦੇ ਡਾਇਰੈਕਟਰ ਨੇ ਕਿਹਾ ਹੈ ਕਿ ਜੇਕਰ ਐਮਰਜੈਂਸੀ ਫੰਡ ਸਮੇਂ ਸਿਰ ਨਾ ਦਿੱਤਾ ਗਿਆ ਤਾਂ ਏਅਰਲਾਈਨ ਦੀਆਂ ਸਾਰੀਆਂ ਉਡਾਣਾਂ 15 ਸਤੰਬਰ ਤੱਕ ਰੱਦ ਕਰਨੀਆਂ ਪੈਣਗੀਆਂ। ਪਿਛਲੇ ਹਫਤੇ ਪੀਆਈਏ ਨੇ ਕਿਹਾ ਸੀ ਕਿ ਬੋਇੰਗ ਅਤੇ ਏਅਰਬੱਸ ਸਤੰਬਰ ਦੇ ਅੱਧ ਤੱਕ ਜਹਾਜ਼ ਦੇ ਸਪੇਅਰ ਪਾਰਟਸ ਦੀ ਸਪਲਾਈ ਬੰਦ ਕਰ ਸਕਦੇ ਹਨ। ਕਾਰਨ ਇਹ ਦੱਸਿਆ ਜਾ ਰਿਹਾ ਸੀ ਕਿ ਪੀਆਈਏ ਨੇ ਇਨ੍ਹਾਂ ਕੰਪਨੀਆਂ ਨੂੰ ਪਿਛਲੇ ਬਕਾਏ ਦੀ ਅਦਾਇਗੀ ਵੀ ਨਹੀਂ ਕੀਤੀ ਹੈ। ਪਾਕਿਸਤਾਨ ਟੂਡੇ ਦੇ ਅਨੁਸਾਰ, ਪੀਆਈਏ ਦੀਆਂ ਉਡਾਣਾਂ ਨੂੰ ਈਂਧਨ ਦਾ ਭੁਗਤਾਨ ਕਰਨ ਵਿੱਚ ਅਸਮਰੱਥਾ ਕਾਰਨ ਸਾਊਦੀ ਅਤੇ ਦੁਬਈ ਹਵਾਈ ਅੱਡਿਆਂ ‘ਤੇ ਰੋਕ ਦਿੱਤਾ ਗਿਆ ਸੀ।
ਹਾਲਾਂਕਿ, ਜਦੋਂ ਪੀਆਈਏ ਨੇ ਭੁਗਤਾਨ ਦਾ ਲਿਖਤੀ ਭਰੋਸਾ ਦਿੱਤਾ ਤਾਂ ਇਨ੍ਹਾਂ ਉਡਾਣਾਂ ਨੂੰ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਗਈ। ਅਧਿਕਾਰੀ ਨੇ ਕਿਹਾ ਕਿ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈਟੀਏ) ਨੇ 35 ਲੱਖ ਡਾਲਰ ਦਾ ਐਮਰਜੈਂਸੀ ਭੁਗਤਾਨ ਪ੍ਰਾਪਤ ਕਰਨ ਤੋਂ ਬਾਅਦ ਪੀਆਈਏ ਦੀਆਂ ਉਡਾਣਾਂ ਨੂੰ ਬਹਾਲ ਕੀਤਾ।