Site icon TheUnmute.com

ਹੜ੍ਹ ਕਾਰਨ ਵਾਟਰ ਵਰਕਸ ਨੂੰ ਪਹੁੰਚਿਆ ਨੁਕਸਾਨ, ਪੀਣ ਵਾਲੇ ਪਾਣੀ ਨੂੰ ਤਰਸੇ ਪਿੰਡ ਫੂਸ ਮੰਡੀ ਦੇ ਵਾਸੀ

Phus Mandi

ਸਰਦੂਲਗੜ੍ਹ , 21 ਅਗਸਤ 2023: ਸਰਦੂਲਗੜ੍ਹ ਇਲਾਕੇ ਵਿੱਚੋਂ ਲੰਘਦੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਜਾਣ ਕਾਰਨ ਇਸਦੇ ਨੇੜੇ ਪਿੰਡ ਫੂਸ ਮੰਡੀ (Phus Mandi) ਵਿੱਚ ਬਣੇ ਹੋਏ ਵਾਟਰ ਵਰਕਸ ਵਿੱਚ ਵੀ ਤਿੰਨ-ਚਾਰ ਫੁੱਟ ਪਾਣੀ ਭਰ ਗਿਆ ਸੀ। ਵਿਭਾਗ ਵੱਲੋਂ ਬੇਸ਼ੱਕ ਹੋਰ ਪਿੰਡ ਨਾਲ ਪਾਣੀ ਦੀ ਸਪਲਾਈ ਜੋੜ ਕੇ ਪਿੰਡ ਦੇ ਲੋਕਾਂ ਨੂੰ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਪਿੰਡ ਫੂਸ ਮੰਡੀ ਦੇ ਵਾਸੀ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ।

ਪਿੰਡ ਫੂਸ ਮੰਡੀ ਦੇ ਵਾਸੀਆਂ ਨੇ ਕਿਹਾ ਕਿ ਹੜਾਂ ਦਾ ਪਾਣੀ ਨਿਕਲ ਜਾਣ ਤੋਂ ਬਾਅਦ ਪਿੰਡ ਦੇ 80 ਫੀਸਦੀ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਹੜ ਆਉਣ ਦੇ ਨਾਲ ਵਾਟਰ ਵਰਕਸ ਦੇ ਟੈਂਕ ਗਾਰੇ ਦੇ ਨਾਲ ਭਰ ਗਏ ਅਤੇ ਪਾਣੀ ਦੀ ਸਪਲਾਈ ਪਿੰਡ ਵਾਸੀਆਂ ਨੂੰ ਬਿਲਕੁਲ ਬੰਦ ਹੋ ਗਈ ਜਿਸ ਕਾਰਨ ਪਿੰਡ ਵਾਸੀ ਦਾ ਪਾਣੀ ਪੀਣ ਤੋਂ ਤਰਸ ਰਹੇ ਹਨ |

ਉਨ੍ਹਾਂ ਨੂੰ ਮਜਬੂਰਨ ਧਰਤੀ ਹੇਠਲਾ ਪਾਣੀ ਪੀਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਨਾਲ ਲੋਕ ਬਿਮਾਰ ਹੋਣਗੇ ਕਿਉਂਕਿ ਧਰਤੀ ਹੇਠਲਾ ਪਾਣੀ ਸ਼ੁੱਧ ਨਾ ਹੋਣ ਕਾਰਨ ਲੋਕ ਸ਼ੁੱਧ ਪਾਣੀ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕਈ ਵਾਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ, ਪਰ ਹਾਲੇ ਤੱਕ ਇਸ ਮਸਲੇ ਦਾ ਕੋਈ ਹੱਲ ਨਹੀ ਹੋਇਆ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਪਿੰਡ ਵਾਸੀਆਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇ।

ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਐਸ.ਡੀ.ਓ. ਕਰਮਜੀਤ ਸਿੰਘ ਨੇ ਦੱਸਿਆ ਕਿ ਘੱਗਰ ਦਰਿਆ ਵਿੱਚ ਪਾੜ ਪੈਣ ਕਾਰਨ ਪਿੰਡ ਫੂਸ ਮੰਡੀ (Phus Mandi) ਦੇ ਵਾਟਰ ਵਰਕਸ ਵਿੱਚ ਪਾਣੀ ਭਰਨ ਕਾਰਨ ਵਾਟਰ ਵਰਕਸ ਨੁਕਸਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪਾਣੀ ਉਤਰਨ ਤੋਂ ਬਾਅਦ ਵਿਭਾਗ ਵੱਲੋਂ ਨੇੜਲੇ ਪਿੰਡ ਕੌੜੀਵਾੜਾ ਦੇ ਵਾਟਰ ਵਰਕਸ ਤੋਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਫੂਸ ਮੰਡੀ ਦੇ ਵਾਟਰ ਵਰਕਸ ਨੂੰ ਠੀਕ ਕਰਨ ਲਈ 18 ਲੱਖ ਰੁਪਏ ਦਾ ਪੰਜਾਬ ਸਰਕਾਰ ਨੂੰ ਐਸਟੀਮੇਟ ਭੇਜ ਦਿੱਤਾ ਗਿਆ ਹੈ।

Exit mobile version