ਫਾਜ਼ਿਲਕਾ, 27 ਅਪ੍ਰੈਲ 2024: ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ (Dr. Senu Duggal) ਨੇ ਦੱਸਿਆ ਕਿ 48 ਘੰਟੇ ਦੇ ਤੈਅ ਸਮੇਂ ਤੋਂ ਵੀ ਪਹਿਲਾਂ ਕਿਸਾਨਾ ਨੂੰ ਉਨ੍ਹਾਂ ਦੀ ਫਸਲ ਦੀ ਅਦਾਇਗੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 48 ਘੰਟੇ ਪਹਿਲਾਂ ਤੱਕ ਖਰੀਦੀ ਕਣਕ ਦੀ 633 ਕਰੋੜ ਦੀ ਅਦਾਇਗੀ ਕੀਤੀ ਜਾਣੀ ਬਣਦੀ ਸੀ ਪਰ ਹੁਣ ਤੱਕ 743 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਭਾਵ ਉਸ ਕਣਕ ਦੀ ਅਦਾਇਗੀ ਵੀ ਹੋ ਗਈ ਹੈ |
ਜਿਸਦੀ ਖਰੀਦ ਨੂੰ ਹਾਲੇ 48 ਘੰਟੇ ਵੀ ਨਹੀਂ ਹੋਏ ਹਨ| ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆ ਵਿਚ ਕੋਈ ਮੁਸ਼ਕਲ ਨਾ ਆਵੇ ਇਸ ਲਈ ਉਨ੍ਹਾਂ ਵੱਲੋਂ ਰੋਜਾਨਾਂ ਅਧਾਰ ਤੇ ਸੰਬਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਣਕ ਦੀ ਖਰੀਦ ਪ੍ਰਕ੍ਰਿਆ ਖਾਸ ਕਰਕੇ ਲਿਫਟਿੰਗ ਦੇ ਕੰਮ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਵਿਚ ਬੀਤੇ ਇਕ ਦਿਨ ਵਿਚ 31604 ਮਿਟ੍ਰਿਕ ਟਨ ਦੀ ਲਿਫਟਿੰਗ ਹੋਈ ਹੈ, ਲਿਫਟਿੰਗ ਵਿਚ ਹੋਰ ਤੇਜੀ ਲਿਆਉਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ|
ਡਿਪਟੀ ਕਮਿਸ਼ਨਰ (Dr. Senu Duggal) ਨੇ ਦੱਸਿਆ ਕਿ ਬੀਤੇ ਦਿਨ ਤੱਕ 450000 ਮਿਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋ 418318 ਮਿਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁਕੀ ਹੈ| ਉਨ੍ਹਾਂ ਕਿਹਾ ਕਿ ਖਰੀਦ ਏਜੇਂਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸਾਨਾਂ ਦੀ ਫਸਲ ਦੀ ਨਾਲੋ ਨਾਲ ਖਰੀਦ ਕਰਕੇ ਲਿਫਟਿੰਗ ਨੂੰ ਯਕੀਨੀ ਬਣਾਇਆ ਜਾਵੇ ਅਤੇ ਤੈਅ ਸਮੇਂ ਅੰਦਰ ਕਿਸਾਨਾਂ ਨੂੰ ਅਦਾਇਗੀ ਕੀਤੀ ਜਾਵੇ |
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਕੱਲ ਪਨਗ੍ਰੇਨ ਨੇ 9040 ਮਿਟ੍ਰਿਕ ਟਨ, ਮਾਰਕਫੈਡ ਨੇ 8153 ਮਿਟ੍ਰਿਕ ਟਨ, ਪਨਸਪ ਨੇ 7625 ਮਿਟ੍ਰਿਕ ਟਨ, ਪੰਜਾਬ ਰਾਜ ਮਾਲ ਗੋਦਾਮ ਨਿਗਮ ਨੇ 4096 ਮਿਟ੍ਰਿਕ ਟਨ, ਐਫਸੀਆਈ ਨੇ 200 ਮਿਟ੍ਰਿਕ ਟਨ ਅਤੇ ਵਪਾਰੀਆਂ ਨੇ 2490 ਮਿਟ੍ਰਿਕ ਟਨ ਕਣਕ ਦੀ ਮੰਡੀਆਂ ਵਿਚੋਂ ਲਿਫਟ ਕੀਤੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖਰੀਦ ਏਂਜਸੀਆਂ ਅਤੇ ਟਰਾਂਸਪੋਰਟਰਾਂ ਤੇ ਠੇਕੇਦਾਰਾਂ ਨੂੰ ਤਾੜਨਾ ਕੀਤੀ ਕਿ ਟਰੱਕ ਅਤੇ ਲੇਬਰ ਦੀ ਗਿਣਤੀ ਖਰੀਦ ਏਜੇਂਸੀਆਂ ਨੂੰ ਲੋੜ ਅਨੁਸਾਰ ਮੁਹਈਆ ਕਰਵਾਈ ਜਾਵੇ ਤਾਂ ਜੋ ਲਿਫਟਿੰਗ ਦੇ ਕੰਮ ਵਿਚ ਹੋਰ ਤੇਜੀ ਲਿਆਂਦੀ ਜਾਵੇ। ਬੈਠਕ ਵਿਚ ਏਡੀਸੀ ਵਿਕਾਸ ਅਮਰਿੰਦਰ ਸਿੰਘ ਮੱਲੀ, ਐਸਡੀਐਮ ਵਿਪਿਨ ਭੰਡਾਰੀ, ਪੰਕਜ ਬਾਂਸਲ ਤੇ ਬਲਕਰਨ ਸਿੰਘ, ਡੀਐਫਐਸਸੀ ਹਿਮਾਂਸੂ ਕੁੱਕੜ, ਜ਼ਿਲ੍ਹਾ ਮੰਡੀ ਅਫਸਰ ਜਮਸੀਤ ਸਿੰਘ ਤੇ ਡੀ ਐਮ ਵੀ ਹਾਜਰ ਸਨ।