ਨਵੀਂ ਦਿੱਲੀ, 10 ਜਨਵਰੀ 2024 (ਦਵਿੰਦਰ ਸਿੰਘ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਵਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਗੁਰਦੇਵ ਸਿੰਘ ਕਾਉਂਕੇ ਦੀ 31ਵੀਂ ਬਰਸੀ ਮਨਾਈ ਗਈ। ਗੁਰੂਦਵਾਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਬਰਸੀ ਮਨਾਈ ਗਈ, ਜਿਸ ਵਿੱਚ ਵਿਦਵਾਨਾ, ਬੁੱਧੀਜੀਵੀਆਂ , ਪੰਥਕ ਦਲਾਂ।, ਪੰਥਕ ਆਗੂਆਂ ਅਤੇ ਸਿਆਸਤਦਾਨਾਂ ਨੇ ਹਾਜ਼ਰੀ ਭਰੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਜਥੇਦਾਰ ਕਾਉਂਕੇ ਦੇ ਕਤਲੇਆਮ ਦਾ ਮਾਮਲਾ ਬਹੁਤ ਗੰਭੀਰ ਹੈ | ਜਿਸਨੂੰ ਹੱਲ ਕਰਨ ਵਿਚ ਸਮੇਂ ਦੀਆਂ ਸਰਕਾਰਾਂ ਖਾਸ ਤੌਰ ’ਤੇ ਪੰਥਕ ਸਰਕਾਰਾਂ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈਆਂ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਪੂਰੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਜਥੇਦਾਰ ਕਾਉਂਕੇ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਵੇ। ਅੱਜ ਬਰਸੀ ਮੌਕੇ ਪੰਥਕ ਵਿਚਾਰਾਂ ਮਗਰੋਂ ਦਿੱਲੀ ਸ਼੍ਰੋਮਣੀ ਕਮੇਟੀ ਵੱਲੋਂ 4 ਮਤੇ ਪਾਸ ਕੀਤੇ ਗਏ।
ਪਹਿਲਾ: 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪ੍ਰਕਾਸ਼ ਸਿੰਘ ਬਾਦਲ ਤੋਂ ‘ਫ਼ਕਰ-ਏ-ਕੌਮ’ ਤੇ ‘ਪੰਥ ਰਤਨ ਅਵਾਰਡ’ ਵਾਪਸ ਲੈਣ ਦੀ ਅਪੀਲ।
ਦੂਜਾ: ਮੁੱਖ ਮੰਤਰੀ ਭਗਵੰਤ ਮਾਨ ਨੂੰ ਜਥੇਦਾਰ ਕਾਉਂਕੇ ਦੇ ਕਾਤਲਾਂ ‘ਤੇ ਕਾਨੂੰਨੀ ਕਾਰਵਾਈ ਕਰਨ ਲਈ ਮੰਗ ਪੱਤਰ ਸੌਂਪਿਆ ਜਾਵੇਗਾ।
ਤੀਜਾ: ਜਥੇਦਾਰ ਕਾਉਂਕੇ ਦੇ ਕਾਤਲਾਂ ਤੇ ਬਚਾਉਣ ਵਾਲਿਆਂ ਵਿਰੁੱਧ DSGMC ਤੇ ਪੰਥਕ ਨੁਮਾਇੰਦਿਆਂ ਦੀ ਇਨਸਾਫ਼ ਕਮੇਟੀ ਬਣੇਗੀ।
ਚੌਥਾ: ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਯਾਦ ‘ਚ ਪਿੰਡ ਕਾਉਂਕੇ ਵਿਖੇ ਹੋਵੇਗਾ ਵੱਡਾ ਸ਼ਹੀਦੀ ਸਮਾਗਮ।