ਦਿੱਲੀ, 07 ਨਵੰਬਰ 2024: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਖ਼ਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਫੈਸਲਿਆਂ ‘ਤੇ ਕਈਂ ਕਿੰਤੂ-ਪ੍ਰੰਤੂ ਕਰਦੇ ਆਏ ਹਨ, ਜਿਹੜੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ 1984 ‘ਚ ਢਹਿ-ਢੇਰੀ ਕਰਨ ਵਾਲਿਆਂ ਨਾਲ ਆਪਣੀ ਸਾਂਝ ਵੀ ਰੱਖਦੇ ਆਏ ਹਨ।
ਉਨ੍ਹਾਂ ਕਿਹਾ ਕਿ ਇਹ ਦਿੱਲੀ ‘ਚ ਰਹਿੰਦੇ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਬਾਰੇ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਨੇ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀਆਂ ਦਿੱਤੀਆਂ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਏ ਫੈਸਲੇ ਦੀ ਕਈ ਵਾਰ ਨਿਖੇਧੀ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਸਮੁੱਚਾ ਪੰਥ ਔਖੇ ਸਮੇਂ ‘ਚੋਂ ਗੁਜ਼ਰ ਰਿਹਾ ਹੈ, ਕਿਉਂਕਿ ਪੰਥ ਦੀ ਸਿਰਮੌਰ ਹਸਤੀ ਸ਼੍ਰੋਮਣੀ ਅਕਾਲੀ ਦਲ ਦੀਆਂ ਗਲਤ ਨੀਤੀਆਂ ਕਰਕੇ ਉਨ੍ਹਾਂ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਐਲਾਨਿਆ ਗਿਆ ਹੈ |
DSGMC ਦੇ ਪ੍ਰਧਾਨ ਨੇ ਕਿਹਾ ਕਿ ਜਦੋਂ ਇਸ ਸੰਬੰਧੀ 11 ਸੂਝਵਾਨ ਵਿਅਕਤੀਆਂ ਕੋਲੋਂ ਸਲਾਹ ਲੈਣ ਲਈ ਉਨ੍ਹਾਂ ਨੂੰ ਸੱਦਾ ਦਿੱਤਾ ਤਾਂ ਉਸ ਸਮੇਂ ਹਰਵਿੰਦਰ ਸਿੰਘ ਸਰਨਾ ਨੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਵੰਗਾਰਿਆ ਅਤੇ ਆਪਣੇ ਸ਼ਬਦਾਂ ਨਾਲ ਕਈ ਦੋਸ਼ ਸ੍ਰੀ ਅਕਾਲ ਤਖਤ ਸਾਹਿਬ ਦੀ ਸਖ਼ਸ਼ੀਅਤ ‘ਤੇ ਵੀ ਲਗਾਏ।
ਉਨ੍ਹਾਂ ਕਿਹਾ ਅਸੀਂ ਜਾਂਦੇ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਮਸਲਾ ਗੰਭੀਰ ਸੀ, ਜਿਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੱਖ-ਵੱਖ ਜੱਥੇਬੰਦੀਆਂ ਤੋਂ ਸਲਾਹ ਲੈਣਾ ਠੀਕ ਸਮਝਿਆ। ਪਰ, ਇਹ ਗੱਲ ਵੀ ਬਰਦਾਸ਼ਤ ਤੋਂ ਬਾਹਰ ਹੈ ਕਿ ਹਰਵਿੰਦਰ ਸਿੰਘ ਸਰਨਾ ਵਰਗੇ, ਜਿਨ੍ਹਾਂ ਦਾ ਪਰਿਵਾਰ ਸ਼ਰਾਬ ਦਾ ਕਾਰੋਬਾਰ ਕਰਦਾ ਹੈ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਣਯੋਗ ਜੱਥੇਦਾਰ ਸਾਹਿਬ ਬਾਰੇ ਕੋਈ ਇਤਰਾਜ ਯੋਗ ਸ਼ਬਦਾਵਲੀ ਵਰਤੇ।
ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਆਪ ਜੀ ਨੂੰ ਬੇਨਤੀ ਹੈ ਕਿ ਹਰਵਿੰਦਰ ਸਿੰਘ ਸਰਨਾ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਜਿਹੜਾ ਕਿ ਵਿਰਸਾ ਸਿੰਘ ਬਲਟੋਹਾ ਦੀ ਤਰ੍ਹਾਂ ਮਿੱਠੀ ਆਵਾਜ ‘ਚ ਮਾਣਯੋਗ ਜੱਥੇਦਾਰ ਸਾਹਿਬਾਨ ਦੀ ਸਖ਼ਸ਼ੀਅਤ ਨੂੰ ਵੰਗਾਰ ਰਿਹਾ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਛੇਤੀ ਹੀ ਇਸ ਮਸਲੇ ‘ਤੇ ਨੋਟਿਸ ਲੈਣਗੇ |