Site icon TheUnmute.com

ਨਸ਼ਾ ਤਸਕਰੀ ਮਾਮਲਾ: ਬਰਖਾਸਤ ਥਾਣੇਦਾਰ ਇੰਦਰਜੀਤ ਸਿੰਘ ਦੇ ਮਾਮਲੇ ‘ਚ ਗ੍ਰਹਿ ਵਿਭਾਗ ਨੇ ਪੰਜਾਬ DGP ਤੋਂ ਮੰਗਿਆ ਜਵਾਬ

ਇੰਦਰਜੀਤ ਸਿੰਘ

ਚੰਡੀਗੜ੍ਹ, 09 ਮਈ 2023: ਪੰਜਾਬ ਦੇ ਗ੍ਰਹਿ ਵਿਭਾਗ ਨੇ ਨਸ਼ਾ ਤਸਕਰੀ ‘ਚ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੇ ਮਾਮਲੇ ‘ਚ ਡੀ.ਜੀ.ਪੀ.ਪੰਜਾਬ ਨੂੰ ਮੁੜ ਚਿੱਠੀ ਲਿਖੀ ਹੈ। ਜਿਸ ਵਿੱਚ ਇੰਦਰਜੀਤ ਸਿੰਘ ਦੇ ਪੂਰੇ ਸੇਵਾ ਕਾਲ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਵਿੱਚ ਇੰਦਰਜੀਤ ਸਿੰਘ ਖ਼ਿਲਾਫ਼ 14 ਵਿਭਾਗੀ ਪੜਤਾਲਾਂ ਵਿੱਚ ਕਲੀਨ ਚਿੱਟ ਦੇਣ ਵਾਲੇ ਅਧਿਕਾਰੀਆਂ ਦੇ ਨਾਂ ਵੀ ਮੰਗੇ ਗਏ ਹਨ।

ਪੁਲਿਸ ਦੀ ਜਾਂਚ ਹੁਣ ਤੱਕ ਬਰਖਾਸਤ ਏਆਈਜੀ ਰਾਜਜੀਤ ਸਿੰਘ ਦੇ ਅਧੀਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇੰਦਰਜੀਤ ਦੀਆਂ ਲਗਭਗ 14 ਮਹੀਨਿਆਂ ਦੀਆਂ ਤਾਇਨਾਤੀਆਂ ‘ਤੇ ਕੇਂਦਰਿਤ ਹੈ। ਜਿੱਥੇ ਉਸ ਨੂੰ ਕਥਿਤ ਤੌਰ ‘ਤੇ ਨਜਾਇਜ਼ ਫਾਇਦਾ ਪਹੁੰਚਾਇਆ ਗਿਆ। ਇੰਦਰਜੀਤ 1986 ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ। ਵਾਰੀ ਤੋਂ ਪਹਿਲਾਂ ਤਰੱਕੀ ਪ੍ਰਾਪਤ ਕੀਤੀ ਅਤੇ ਇੰਸਪੈਕਟਰ ਸੀ ਜਦੋਂ ਉਸ ਨੂੰ ਜੂਨ 2017 ਵਿੱਚ ਨਸ਼ਾ ਤਸਕਰੀ ਦੇ ਦੋਸ਼ ਵਿੱਚ ਬਰਖਾਸਤ ਕੀਤਾ ਗਿਆ ਸੀ।

ਪੰਜਾਬ ਦੇ ਗ੍ਰਹਿ ਵਿਭਾਗ ਨੇ ਮੁੱਖ ਮੰਤਰੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਆਪਣੇ ਸੋਧੇ ਹੁਕਮਾਂ ਵਿੱਚ ਹਾਲ ਹੀ ਵਿੱਚ ਪੇਸ਼ ਕੀਤੀ ਪੁਲਿਸ ਜਾਂਚ ਰਿਪੋਰਟ ਨੂੰ ਵੀ ਅਧੂਰੀ ਕਰਾਰ ਦਿੰਦਿਆਂ ਅਸੰਤੁਸ਼ਟੀ ਪ੍ਰਗਟਾਈ ਹੈ। ਸੋਧੇ ਹੋਏ ਹੁਕਮਾਂ ਵਿੱਚ ਇੰਦਰਜੀਤ ਦੇ ਸਮੁੱਚੇ ਸੇਵਾ ਰਿਕਾਰਡ ਅਤੇ ਵਿਭਾਗੀ ਪੁੱਛਗਿੱਛਾਂ, ਤਰੱਕੀਆਂ, ਪੁਰਸਕਾਰਾਂ ਆਦਿ ਵਿੱਚ ਉਸ ਨੂੰ ਮਿਲੇ ਕਥਿਤ ਪੱਖਪਾਤ ਬਾਰੇ ਪੁੱਛਿਆ ਗਿਆ ਹੈ |

ਗ੍ਰਹਿ ਵਿਭਾਗ ਨੇ ਡੀਜੀਪੀ ਨੂੰ ਪੱਤਰ ਲਿਖ ਕੇ ਕਿਹਾ- ਤੁਹਾਡੇ ਵੱਲੋਂ ਭੇਜੇ ਗਏ ਪੱਤਰ ਤਹਿਤ ਭੇਜੀ ਗਈ ਜਾਣਕਾਰੀ ਪੂਰੀ ਨਹੀਂ ਹੈ। ਇਸ ਲਈ ਤੁਹਾਨੂੰ ਹੇਠ ਲਿਖੀ ਜਾਣਕਾਰੀ ਤੁਰੰਤ ਭੇਜਣ ਦੀ ਬੇਨਤੀ ਕੀਤੀ ਜਾਂਦੀ ਹੈ – ਉਸ ਅਧਿਕਾਰੀ ਦਾ ਨਾਮ ਜਿਸ ਨੇ ਦੋਸ਼ੀ ਇੰਸਪੈਕਟਰ ਇੰਦਰਜੀਤ ਸਿੰਘ ਦੀ ਤਰਨਤਾਰਨ ਜ਼ਿਲ੍ਹੇ ਅਤੇ ਬਾਅਦ ਵਿੱਚ ਹੁਸ਼ਿਆਰਪੁਰ ਵਿੱਚ ਤਬਾਦਲੇ ਨੂੰ ਮਨਜ਼ੂਰੀ ਦਿੱਤੀ ਸੀ। ਤਬਾਦਲੇ ਸਮੇਂ ਰਾਜਜੀਤ ਸਿੰਘ ਦੋਵਾਂ ਜ਼ਿਲ੍ਹਿਆਂ ਦੇ ਇੰਚਾਰਜ ਐਸਐਸਪੀ ਸਨ। ਗ੍ਰਹਿ ਵਿਭਾਗ ਨੇ ਇੰਦਰਜੀਤ ਨੂੰ ਦੋਹਰੀ ਤਰੱਕੀ ਦੇਣ ਬਾਰੇ ਵੀ ਵੇਰਵੇ ਮੰਗੇ ਹਨ।

ਬਰਖ਼ਾਸਤ ਇੰਦਰਜੀਤ ਸਿੰਘ ’ਤੇ ਦੋਸ਼ ਹੈ ਕਿ ਉਹ ਬੇਕਸੂਰਾਂ ਨੂੰ ਨਸ਼ਾ ਤਸਕਰੀ ਦੇ ਝੂਠੇ ਕੇਸਾਂ ’ਚ ਫਸਾਉਣ ਦਾ ਧੰਦਾ ਚਲਾਉਂਦਾ ਸੀ ਅਤੇ ਉਹ ਪਾਕਿਸਤਾਨ ਤੋਂ ਤਸਕਰੀ ਰਾਹੀਂ ਨਸ਼ੇ ਮੰਗਵਾਉਂਦਾ ਸੀ ਅਤੇ ਪੈਸੇ ਉਗਰਾਹੁਣ ਲਈ ਬੇਕਸੂਰਾਂ ਨੂੰ ਨਸ਼ਿਆਂ ਦੇ ਮਾਮਲੇ ’ਚ ਫਸਾਉਂਦਾ ਸੀ ਜਾਂ ਨਸ਼ੇ ਵੇਚਣ ਲਈ ਮਜਬੂਰ ਕਰਦਾ ਸੀ। ਉਹ ਫੋਰੈਂਸਿਕ ਸਾਇੰਸ ਲੈਬਰਾਰਟਰੀ ਦੇ ਮੁਲਾਜ਼ਮਾਂ ਨਾਲ ਗੰਢਤੁੱਪ ਕਰਕੇ ਤਸਕਰਾਂ ਦੀ ਰਿਹਾਈ ਕਿਸੇ ਨਾ ਕਿਸੇ ਤਰੀਕੇ ਨਾਲ ਯਕੀਨੀ ਬਣਾਉਂਦਾ ਸੀ।

Exit mobile version