ਚੰਡੀਗੜ੍ਹ/ਮੋਗਾ 04 ਅਕਤੂਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿੱਢੀ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚੱਲ ਰਹੀ ਜੰਗ ਦੇ ਹਿੱਸੇ ਵਜੋਂ, ਪੰਜਾਬ ਪੁਲਿਸ (Punjab Police) ਨੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐਸ.ਆਈ.) ਦੀ ਹਮਾਇਤ ਪ੍ਰਾਪਤ ਡਰੋਨ ਅਧਾਰਤ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਅੱਤਵਾਦੀ ਮਾਡਿਊਲ ਦੇ ਇੱਕ ਹੋਰ ਆਪਰੇਟਿਵ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਦੀ ਕਾਰ ਵਿੱਚੋਂ ਪੁਲਿਸ ਨੇ ਤਿੰਨ ਹੈਂਡ ਗਰਨੇਡ ਅਤੇ ਹਥਿਆਰ ਬਰਾਮਦ ਕੀਤੇ ਹਨ।
ਇਹ ਅੱਤਵਾਦੀ ਮਾਡਿਊਲ ਕੈਨੇਡਾ-ਅਧਾਰਤ ਅੱਤਵਾਦੀ/ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਵਲੋ ਚਲਾਇਆ ਜਾ ਰਿਹਾ ਹੈ, ਜੋ ਕੇ.ਟੀ.ਐਫ. ਦੇ ਕੈਨੇਡਾ ਸਥਿਤ ਮੁਖੀ ਹਰਦੀਪ ਸਿੰਘ ਨਿੱਝਰ ਦਾ ਨਜਦੀਕੀ ਸਾਥੀ ਹੈ।ਗ੍ਰਿਫਤਾਰ ਕੀਤੇ ਗਏ ਮੁਲਜਮ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੀਰਾ ਵਾਸੀ ਜੁਝਾਰ ਨਗਰ ਬਠਿੰਡਾ ਵਜੋਂ ਹੋਈ ਹੈ। ਪੁਲਿਸ ਨੇ ਤਿੰਨ ਹੈਂਡ ਗਰਨੇਡਾਂ ਤੋਂ ਇਲਾਵਾ.30 ਬੋਰ ਅਤੇ 9 ਐਮਐਮ ਬਰੇਟਾ ਦੇ 2 ਪਿਸਤੌਲ ਸਮੇਤ 60 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਹੈਂਡ ਗ੍ਰਨੇਡ ਅਤੇ ਹਥਿਆਰਾਂ ਦੀ ਖੇਪ ਬਰਾਮਦ
ਇਹ ਕਾਰਵਾਈ ਚਮਕੌਰ ਸਾਹਿਬ ਇਲਾਕੇ ਤੋਂ ਇਸੇ ਮੋਡਿਊਲ ਦੇ ਦੋ ਕਾਰਕੁਨਾਂ ਵੀਜਾ ਸਿੰਘ ਉਰਫ ਗਗਨ ਉਰਫ ਗੱਗੂ ਅਤੇ ਰਣਜੋਧ ਸਿੰਘ ਉਰਫ ਜੋਤੀ ਦੀ ਗ੍ਰਿਫਤਾਰੀ ਤੋਂ ਦੋ ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਇਸ ਤੋਂ ਪਹਿਲਾਂ ਫਿਰੋਜ਼ਪੁਰ ਪੁਲਿਸ ਨੇ ਫਿਰੋਜ਼ਪੁਰ ਦੇ ਪਿੰਡ ਆਰਿਫਕੇ ਵਿੱਚ ਝੋਨੇ ਦੇ ਖੇਤਾਂ ਵਿੱਚੋਂ ਇੱਕ ਅਤਿ ਆਧੁਨਿਕ ਏਕੇ-47 ਅਸਾਲਟ ਰਾਈਫਲ ਸਮੇਤ ਦੋ ਮੈਗਜੀਨਾਂ ਅਤੇ 60 ਜਿੰਦਾ ਕਾਰਤੂਸ ਬਰਾਮਦ ਕੀਤੇ ਸਨ, ਜਿਨਾਂ ਨੂੰ ਵੀਜਾ ਸਿੰਘ ਅਤੇ ਰਣਜੋਧ ਸਿੰਘ ਨੇ ਪ੍ਰਾਪਤ ਕਰਨਾ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਪੰਜਾਬ ਤੋਂ ਮਿਲੀ ਪੁਖ਼ਤਾ ਜਾਣਕਾਰੀ ਦੇ ਆਧਾਰ ‘ਤੇ ਮੋਗਾ ਪੁਲਿਸ ਨੇ ਕੋਟਕਪੂਰਾ-ਬਾਘਾਪੁਰਾਣਾ ਰੋਡ ‘ਤੇ ਨਾਕਾ ਲਗਾਇਆ ਅਤੇ ਦੋਸ਼ੀ ਹਰਪ੍ਰੀਤ ਹੀਰਾ ਨੂੰ ਕਾਬੂ ਕੀਤਾ, ਜੋ ਕਿ ਆਪਣੀ ਚਿੱਟੇ ਰੰਗ ਦੀ ਹੁੰਡਈ ਔਰਾ ਕਾਰ, ਰਜਿਸਟ੍ਰੇਸ਼ਨ ਨੰਬਰ ਪੀ.ਬੀ. 03-ਬੀਐਫ-1462 ‘ਤੇ ਅੰਮ੍ਰਿਤਸਰ ਜਾ ਰਿਹਾ ਸੀ।
ਉਨਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਹਰਪ੍ਰੀਤ ਨੇ ਕਬੂਲਿਆ ਕਿ ਉਹ ਅਰਸ਼ ਡਾਲਾ ਦੇ ਨਜ਼ਦੀਕੀ ਸਾਥੀ ਅਮਨਦੀਪ ਸਿੰਘ ਉਰਫ ਬੱਬੂ, ਜੋ ਕਿ ਇਸ ਵੇਲੇ ਹੁਸ਼ਿਆਰਪੁਰ ਜੇਲ ਵਿੱਚ ਬੰਦ ਹੈ, ਦੇ ਇਸ਼ਾਰੇ ‘ਤੇ ਅੰਮ੍ਰਿਤਸਰ ਵਿਖੇ ਹੈਂਡ ਗ੍ਰਨੇਡ ਅਤੇ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਿਹਾ ਸੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਮੋਗਾ ਗੁਲਨੀਤ ਸਿੰਘ ਖੁਰਾਣਾ ਨੇ ਅੱਗੇ ਦੱਸਿਆ ਕਿ ਦੋਸ਼ੀ ਹਰਪ੍ਰੀਤ ਨੇ ਦੱਸਿਆ ਕਿ ਇਹ ਖੇਪ ਅਰਸ਼ ਡਾਲਾ ਦੇ ਮਨੀਲਾ ਸਥਿਤ ਸਾਥੀ ਮਨਪ੍ਰੀਤ ਸਿੰਘ ਉਰਫ ਪੀਤਾ ਅਤੇ ਅੰਮਿ੍ਰਤਪਾਲ ਸਿੰਘ ਉਰਫ ਐਮੀ, ਜੋ ਪਾਕਿਸਤਾਨ ਵਿੱਚ ਅੱਤਵਾਦੀਆਂ ਨਾਲ ਵੀ ਜੁੜੇ ਹੋਏ ਹਨ, ਦੇ ਨਿਰਦੇਸ਼ਾਂ ‘ਤੇ ਵੀਜਾ ਸਿੰਘ ਅਤੇ ਰਣਜੋਧ ਸਿੰਘ ਵੱਲੋਂ ਸਰਹੱਦੀ ਖੇਤਰ ਤੋਂ ਲਿਆਂਦੀ ਗਈ ਸੀ। ।
ਉਨਾਂ ਦੱਸਿਆ ਕਿ ਦੋਸ਼ੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਮਨਪ੍ਰੀਤ ਪੀਤਾ ਅਤੇ ਐਮੀ ਨੇ ਇਹ ਖੇਪ ਮੋਗਾ ਵਿੱਚ ਦੋ ਅਣਪਛਾਤੇ ਵਿਅਕਤੀਆਂ ਨੂੰ ਸੌਂਪੀ ਸੀ, ਜਿਨਾਂ ਨੇ ਅੱਗੇ ਉਸਨੂੰ , ਇਹ ਖੇਪ , ਅੰਮਿ੍ਰਤਸਰ ਵਿੱਚ ਕਿਸੇ ਅਣਦੱਸੀ ਥਾਂ ‘ਤੇ ਪਹੁੰਚਾਉਣ ਲਈ ਕਿਹਾ। ਜ਼ਿਕਰਯੋਗ ਹੈ ਕਿ ਇਸ ਸਬੰਧੀ ਅਸਲਾ ਐਕਟ ਦੀ ਧਾਰਾ 25(6)(7)-54-59, ਵਿਸਫੋਟਕ ਪਦਾਰਥ (ਸੋਧ) ਐਕਟ ਦੀਆਂ ਧਾਰਾਵਾਂ 3, 4, 5, ਅਤੇ 6 ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 13 ਅਤੇ 18 ਤਹਿਤ ਪੁਲਿਸ ਥਾਣਾ ਬਾਘਾਪੁਰਾਣਾ ਵਿਖੇ ਮਿਤੀ 04.10.2022 ਨੂੰ ਐਫਆਈਆਰ ਨੰਬਰ 222 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।