June 24, 2024 5:43 pm
Swachh Survey Award

ਖਰੜ ਤੇ ਜ਼ੀਰਕਪੁਰ ਵਾਸੀਆਂ ਨੂੰ ਜਲਦ ਮੁਹੱਈਆ ਹੋਵੇਗੀ ਪੀਣ ਵਾਲੇ ਪਾਣੀ ਦੀ ਸਹੂਲਤ: ਡਾ.ਇੰਦਰਬੀਰ ਨਿੱਜਰ

ਚੰਡੀਗੜ੍ਹ 30 ਸਤੰਬਰ 2022: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਕੰਮ ਕਰਦੇ ਹੋਏ ਸਥਾਨਕ ਸਰਕਾਰਾਂ ਮੰਤਰੀ, ਡਾ. ਇੰਦਰਬੀਰ ਸਿੰਘ ਨਿੱਜਰ ਨੇ ਖਰੜ Kharar) ਅਤੇ ਜ਼ੀਰਕਪੁਰ (Zirakpur) ਦੇ ਸ਼ਹਿਰ ਵਾਸੀਆਂ ਨੂੰ ਨਹਿਰੀ ਪਾਣੀ ਦੀ ਸਹੂਲਤ ਜਲਦ ਮੁਹੱਈਆ ਕਰਵਾਉਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਜੰਗੀ ਪੱਧਰ ‘ਤੇ ਕਾਰਜ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਕੰਮ ‘ਤੇ ਤਕਰੀਬਨ 60 ਕਰੋੜ ਦਾ ਖਰਚਾ ਆਵੇਗਾ।

ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ, ਡਾ. ਇੰਦਰਬੀਰ ਸਿੰਘ ਨਿੱਜਰ (Dr. Inderbir Singh Nijjar) ਨੇ ਦੱਸਿਆ ਕਿ ਖਰੜ ਸ਼ਹਿਰ ਵਾਸੀਆਂ ਦੀ ਪਾਣੀ ਦੀ ਲੋੜ ਨੂੰ ਪੁਰਾ ਕਰਨ ਲਈ ਨਵੇਂ ਉਸਾਰੇ ਜਾਣ ਵਾਲੇ 5 ਐਮ.ਜੀ.ਡੀ. ਦੀ ਸਮਰੱਥਾ ਦੇ ਵਾਟਰ ਟਰੀਟਮੈਂਟ ਪਲਾਂਟ ਦਾ ਕੰਮ ਗਮਾਡਾ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਾਈਪ ਲਾਈਨਾਂ ਅਤੇ ਟੈਂਕੀਆਂ ਦੀ ਉਸਾਰੀ ਦਾ ਕੰਮ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਗਮਾਡਾ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾਂ ਕਰਨ ਉਪਰੰਤ ਦੱਸਿਆ ਕਿ ਹਾਲ ਦੀ ਘੜੀ ਜ਼ੀਰਕਪੁਰ ਸ਼ਹਿਰ ਲਈ 2.0 ਐਮ.ਜੀ.ਡੀ. ਨਹਿਰੀ ਪੀਣ ਵਾਲਾ ਪਾਣੀ ਦੇਣ ਦੀ ਵੀ ਸਹਿਮਤੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖਰੜ ਅਤੇ ਜ਼ੀਰਕਪੁਰ ਸ਼ਹਿਰ ਨੂੰ ਨਹਿਰੀ ਪੀਣ ਵਾਲਾ ਪਾਣੀ ਮਿਲਣ ਉਪਰੰਤ ਧਰਤੀ ਹੇਠਲੇ ਪਾਣੀ ਨੂੰ ਹੋਰ ਡੂੰਘਾਂ ਜਾਣ ਤੋ ਰੋਕਣ ਦੀ ਦਿਸ਼ਾ ‘ਚ ਇਹ ਅਹਿਮ ਕਦਮ ਹੋਵੇਗਾ। ਡਾ. ਨਿੱਜਰ ਨੇ ਦੱਸਿਆ ਕਿ ਇਸ ਸਬੰਧੀ ਜਗਾ ਅਤੇ ਫੰਡਜ਼ ਦੀ ਵਿਵਸਥਾ ਨਗਰ ਕੌਂਸਲ ਖਰੜ ਵਲੋਂ ਕੀਤੀ ਜਾਵੇਗੀ।

ਇਸ ਮੌਕੇ ਪ੍ਰਮੁੱਖ ਸਕੱਤਰ, ਹਾਉਸਿੰਗ ਅਤੇ ਸ਼ਹਿਰੀ ਵਿਕਾਸ, ਪ੍ਰਮੁੱਖ ਸਕੱਤਰ, ਸਥਾਨਕ ਸਰਕਾਰਾਂ, ਮੁੱਖ ਕਾਰਜਕਾਰੀ ਅਫਸਰ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ, ਡਾਇਰੈਕਟਰ, ਸਥਾਨਕ ਸਰਕਾਰਾਂ, ਗਮਾਡਾ, ਸਿੰਚਾਈ ਵਿਭਾਗ ਅਤੇ ਨਗਰ ਕੌਂਸਲ ਖਰੜ ਦੇ ਅਧਿਕਾਰੀ ਵਿਸ਼ੇਸ਼ ਤੌਰ ਤੇ ਸ਼ਾਮਲ ਸਨ।