Site icon TheUnmute.com

ਡਾ. ਇੰਦਰਬੀਰ ਸਿੰਘ ਨਿੱਝਰ ਨੇ ਜੀ-20 ਸੰਮੇਲਨ ਦੇ ਸੰਬੰਧ ‘ਚ ਅੰਮ੍ਰਿਤਸਰ ਦੇ ਸੁੰਦਰੀਕਰਨ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

Dr. Inderbir Singh Nijjar

ਚੰਡੀਗੜ੍ਹ, 21 ਜਨਵਰੀ 2023: ਅੰਮ੍ਰਿਤਸਰ ਸ਼ਹਿਰ ਵਿੱਚ ਹੋਣ ਵਾਲੇ ਜੀ-20 ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੀ-20 ਨਾਲ ਸਬੰਧਤ ਸਾਰੇ ਵਿਕਾਸ ਕਾਰਜ ਫਰਵਰੀ ਮਹੀਨੇ ਦੇ ਅੰਤ ਤੱਕ ਮੁਕੰਮਲ ਕੀਤੇ ਜਾਣ।

ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ (Dr. Inderbir Singh Nijjar) ਨੇ ਦੱਸਿਆ ਕਿ ਮਾਰਚ 2023 ਵਿਚ ਜੀ-20 ਸੰਮੇਲਨ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਖੇ ਹੋਣ ਜਾ ਰਿਹਾ ਹੈ, ਜਿਸ ਵਿਚ ਪ੍ਰਮੁੱਖ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਤੇ ਹੋਰ ਅੰਤਰਰਾਸ਼ਟਰੀ ਡੈਲੀਗੇਟ ਵੀ ਸ਼ਿਰਕਤ ਕਰਨਗੇ | ਉਨ੍ਹਾਂ ਕਿਹਾ ਕਿ ਸੂਬੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਹ ਅੰਤਰਰਾਸ਼ਟਰੀ ਪੱਧਰ ਦਾ ਸਮਾਗਮ ਪੰਜਾਬ ਵਿੱਚ ਹੋਣ ਜਾ ਰਿਹਾ ਹੈ।

ਡਾ.ਨਿੱਜਰ ਨੇ ਅੰਮ੍ਰਿਤਸਰ ਦੇ ਸੁੰਦਰੀਕਰਨ ਨਾਲ ਸਬੰਧਤ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਇਸ ਕਾਰਜ ਨਾਲ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਜੀ-20 ਸੰਮੇਲਨ ਦੇ ਸਬੰਧ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਸੂਬੇ ਦੇ ਅੰਮ੍ਰਿਤਸਰ ਸ਼ਹਿਰ ਨੂੰ ਭਾਰਤ ਦੀ ਤਰਫੋਂ ਵਿਸ਼ਵ ਦੇ ਨਕਸ਼ੇ ’ਤੇ ਪੇਸ਼ ਕਰਨਾ ਹੈ, ਇਸ ਲਈ ਅੰਮ੍ਰਿਤਸਰ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ ਵਿੱਚ ਅਣਗਹਿਲੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਜੋ ਵੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉਹ ਚੰਗੀ ਗੁਣਵੱਤਾ ਦੇ ਹੋਣ। ਉਨ੍ਹਾਂ ਕਿਹਾ ਕਿ ਇਹ ਵਿਕਾਸ ਕਾਰਜ ਸਿਰਫ਼ ਸਮਾਗਮਾਂ ਲਈ ਨਹੀਂ ਹਨ, ਸਗੋਂ ਲੋਕਾਂ ਦੀਆਂ ਲੋੜਾਂ ਅਨੁਸਾਰ ਕੀਤੇ ਜਾ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸ਼ਹਿਰ ਦੀਆਂ ਸੜਕਾਂ ਦੇ ਕਿਨਾਰੇ, ਚੌਕਾਂ ਅਤੇ ਐਲੀਵੇਟਿਡ ਰੋਡਾਂ ਦੇ ਹੇਠਾਂ ਹੋਣ ਵਾਲੀਆਂ ਥਾਵਾਂ ਨੂੰ ਸੁੰਦਰ ਬਣਾਉਣ ਲਈ ਉਨ੍ਹਾਂ ’ਤੇ ਪੰਜਾਬੀ ਸੱਭਿਆਚਾਰ ਪੇਸ਼ ਕੀਤਾ ਜਾਵੇ।

ਮੰਤਰੀ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲ ਦੇ ਰਹੀ ਹੈ। ਇਸ ਲਈ ਉਨ੍ਹਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਜਨਤਕ ਥਾਵਾਂ ’ਤੇ ਜੋ ਵੀ ਲਿਖਿਆ ਜਾਵੇ, ਉਹ ਪੰਜਾਬੀ ਭਾਸ਼ਾ ਵਿੱਚ ਹੀ ਲਿਖਿਆ ਜਾਵੇ। ਇਸ ਮੌਕੇ ਉਨ੍ਹਾਂ ਕਮਿਸ਼ਨਰ ਕਾਰਪੋਰੇਸ਼ਨ  ਸੰਦੀਪ ਰਿਸ਼ੀ ਵੱਲੋਂ ਸ਼ਹਿਰ ਦੀ ਸੁੰਦਰਤਾ ਲਈ ਤਿਆਰ ਕੀਤੀਆਂ ਗਈਆਂ ਕਲਾਕ੍ਰਿਤੀਆਂ ਨੂੰ ਵੀ ਦੇਖਿਆ।

ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ  ਹਰਪ੍ਰੀਤ ਸਿੰਘ ਸੂਦਨ, ਪੁਲਿਸ ਕਮਿਸ਼ਨਰ  ਜਸਕਰਨ ਸਿੰਘ, ਐਸ.ਡੀ.ਐਮ ਹਰਪ੍ਰੀਤ ਸਿੰਘ, ਐਸ.ਡੀ.ਐਮ ਮਨਕੰਵਲ ਸਿੰਘ, ਐਸ.ਡੀ.ਐਮ ਬਾਬਾ ਬਕਾਲਾ ਸ੍ਰੀਮਤੀ ਅਲਕਾ ਕਾਲੀਆ, ਡੀ.ਸੀ.ਪੀ ਪਰਮਿੰਦਰ ਸਿੰਘ ਭੰਡਾਲ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Exit mobile version