July 7, 2024 10:05 am
DR. GURPREET SINGH WANDER

ਡਾ. ਗੁਰਪ੍ਰੀਤ ਸਿੰਘ ਵਾਂਡਰ ਨੇ ਵੀ.ਸੀ ਬਣਨ ਤੋਂ ਕੀਤਾ ਇਨਕਾਰ, ਪੰਜਾਬ ਸਰਕਾਰ ਨੂੰ ਪੈਨਲ ‘ਚੋਂ ਨਾਂ ਹਟਾਉਣ ਦੀ ਕੀਤੀ ਅਪੀਲ

ਚੰਡੀਗੜ੍ਹ 13 ਅਕਤੂਬਰ 2022: ਬਾਬਾ ਫਰੀਦ ਯੂਨੀਵਰਸਿਟੀ ਅਤੇ ਮੈਡੀਕਲ ਸਾਇੰਸਜ਼ ਕੇਂਦਰ ਫਰੀਦਕੋਟ ਦੇ ਵਾਈਸ ਚਾਂਸਲਰ ਦੇ ਅਹੁਦੇ ਦੀ ਨਿਯੁਕਤੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਨਾਖੁਸ਼ ਦਿਲ ਦੇ ਮਾਹਿਰ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ (Dr. Gurpreet Singh Wander) ਨੇ ਆਪਣਾ ਨਾਂ ਵਾਪਸ ਲੈ ਲਿਆ ਹੈ।ਗੁਰਪ੍ਰੀਤ ਸਿੰਘ ਵਾਂਡਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਗਵਰਨਰ ਨੂੰ ਭੇਜੇ ਜਾਣ ਵਾਲੇ ਤਿੰਨ ਨਾਵਾਂ ‘ਚੋਂ ਉਨ੍ਹਾਂ ਦਾ ਨਾਂ ਹਟਾਇਆ ਜਾਵੇ। ਪੰਜਾਬ ਸਰਕਾਰ ਹੁਣ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ ਲਈ ਕਿਸੇ ਹੋਰ 3 ਨਾਵਾਂ ‘ਤੇ ਵਿਚਾਰ ਕਰ ਸਕਦੀ ਹੈ |

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਡਾ. ਗੁਰਪ੍ਰੀਤ ਸਿੰਘ ਵਾਂਡਰ (Dr.Gurpreet Singh Wander) ਨੂੰ ਲਈ ਪੰਜਾਬ ਰਾਜਪਾਲ ਬਨਵਾਰੀ ਲਾਲ ਪਰੋਹਿਤ ਕੋਲ ਨਾਂ ਭੇਜਿਆ ਸੀ, ਜਿਸ ਤੇ ਪੰਜਾਬ ਰਾਜਪਾਲ ਨੇ ਇਤਰਾਜ਼ ਜਤਾਇਆ ਹੈ | ਪੰਜਾਬ ਦੇ ਰਾਜਪਾਲ ਦਾ ਕਹਿਣਾ ਹੈ ਕਿ ਇਸ ਅਹੁਦੇ ਲਈ ਇੱਕ ਨਾਂ ‘ਤੇ ਮੋਹਰ ਨਹੀਂ ਲਾਈ ਜਾ ਸਕਦੀ, ਪੰਜਾਬ ਸਰਕਾਰ ਦੀ ਸਰਚ ਕਮੇਟੀ ਵੱਲੋਂ ਸ਼ਾਰਟਲਿਸਟ ਕੀਤੇ ਤਿੰਨ ਨਾਵਾਂ ਦਾ ਪੈਨਲ ਭੇਜਿਆ ਜਾਵੇ।

ਜਿਕਰਯੋਗ ਹੈ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਵਲੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦਾ ਦੌਰਾ ਕੀਤਾ ਗਿਆ ਜਿੱਥੇ ਹਸਪਤਾਲ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਵੀਸੀ ਨੂੰ ਝਾੜ ਪਾਈ | ਇਸ ਦੌਰਾਨ ਸਿਹਤ ਮੰਤਰੀ ਦੇ ਵਿਵਹਾਰ ਤੋਂ ਨਿਰਾਸ਼ ਹੋ ਕੇ ਫਰੀਦਕੋਟ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ (Baba Farid Medical University) ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸਦੇ ਚੱਲਦੇ ਇਹ ਅਹੁਦਾ ਖ਼ਾਲੀ ਸੀ | ਇਸ ਨੂੰ ਭਰਨ ਲਈ ਪੰਜਾਬ ਸਰਕਾਰ ਵਲੋਂ ਡਾ. ਗੁਰਪ੍ਰੀਤ ਸਿੰਘ ਵਾਂਡਰ ਦਾ ਨਾਂ ਦਾ ਐਲਾਨ ਕੀਤਾ ਸੀ |