ਮਲੋਟ, 28 ਨਵੰਬਰ 2024: ਪੰਜਾਬ ਦੀ ਕੈਬਿਨਟ ਮੰਤਰੀ ਡਾ: ਬਲਜੀਤ ਕੌਰ ਨੇ ਮਲੋਟ (Malout) ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਸੁਧਾਰਨ ਲਈ 6 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਵਧੀਆ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਅਤੇ ਵਿਕਾਸ ਪ੍ਰੋਜੈਕਟ ਚਲਾਏ ਜਾ ਰਹੇ ਹਨ |
ਡਾ: ਬਲਜੀਤ ਕੌਰ ਨੇ ਕਿਹਾ ਕਿ ਮਲੋਟ ਸ਼ਹਿਰ ‘ਚ ਲੰਮੇ ਸਮੇਂ ਤੋਂ ਚੱਲ ਰਹੀ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਅਤੇ ਵਾਸੀਆਂ ਨੂੰ ਸੀਵਰੇਜ ਦੀ ਬਿਹਤਰ ਸੇਵਾਵਾਂ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਇਸ ਲਈ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ।
ਕੈਬਿਨਟ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਮਲੋਟ (Malout) ਦੀਆਂ ਪੁਰਾਣੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਸ਼ਹਿਰ ਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਇੱਕ ਅਹਿਮ ਕਦਮ ਹੈ। ਇਸ ਤਹਿਤ ਮਲੋਟ ਦੀ ਮੇਨ ਕਲੋਨੀ ਰੋਡ ’ਤੇ 6 ਕਰੋੜ ਰੁਪਏ ਦੀ ਲਾਗਤ ਨਾਲ ਵੱਡੀਆਂ ਪਾਈਪਾਂ ਨਾਲ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਨਾਲ ਪਿੰਕ ਸਿਟੀ ਅਤੇ ਦਸਮੇਸ਼ ਨਗਰ ਦੇ ਵਸਨੀਕਾਂ ਨੂੰ ਸੀਵਰੇਜ ਦੇ ਬੈਕਫਲੋ ਦੀ ਸਮੱਸਿਆ ਤੋਂ ਪੂਰੀ ਰਾਹਤ ਮਿਲੇਗੀ।
ਉਨ੍ਹਾਂ ਨੇ ਦੱਸਿਆ ਕਿ ਮਲੋਟ ਦੇ ਦਾਣਾ ਮੰਡੀ ਡਿਸਪੋਜ਼ਲ ਤੋਂ ਭਗਵਾਨਪੁਰਾ ਤੱਕ ਸੀਵਰੇਜ ਦੀ ਨਿਕਾਸੀ ਲਈ 3100 ਮੀਟਰ ਲੰਮੀ ਰਾਈਜ਼ਿੰਗ ਮੇਨ ਪਾਈਪ ਨੂੰ ਵੀ ਬਦਲਿਆ ਜਾ ਰਿਹਾ ਹੈ। ਇਸ ਨਾਲ ਪੁੱਡਾ ਕਲੋਨੀ, ਸਟਾਰ ਸਿਟੀ ਕਲੋਨੀ ਅਤੇ ਸ਼ਹਿਰ ਦੇ 40 ਫੀਸਦੀ ਇਲਾਕੇ ਦੀ ਨਿਕਾਸੀ ਸਮੱਸਿਆ ਹੱਲ ਹੋ ਜਾਵੇਗੀ।
ਇਸ ਦੌਰਾਨ ਡਾ: ਬਲਜੀਤ ਕੌਰ ਨੇ ਦੱਸਿਆ ਕਿ ਨਵੀਂ ਪਾਈਪਲਾਈਨ ਨੂੰ ਆਧੁਨਿਕ ਤਕਨੀਕਾਂ ਨਾਲ ਤਿਆਰ ਕੀਤਾ ਹੈ, ਜੋ ਲੰਮੇ ਸਮੇਂ ਤੱਕ ਟਿਕਾਊ ਅਤੇ ਮਜ਼ਬੂਤ ਰਹੇਗੀ | ਇਸ ਪ੍ਰੋਜੈਕਟ ਤਹਿਤ ਸਹੀ ਨਿਗਰਾਨੀ ਅਤੇ ਗੁਣਵੱਤਾ ਵਾਲੇ ਕੰਮ ਨੂੰ ਯਕੀਨੀ ਬਣਾਇਆ ਜਾਵੇਗਾ। ਇਹ ਪ੍ਰਾਜੈਕਟ ਨਾ ਸਿਰਫ਼ ਮਲੋਟ ਸਗੋਂ ਪੂਰੇ ਪੰਜਾਬ ਦੇ ਵਿਕਾਸ ਲਈ ਨਵਾਂ ਮਾਡਲ ਪੇਸ਼ ਕਰੇਗਾ।