July 5, 2024 2:21 am
Dr. Baljit Kaur

ਡਾ. ਬਲਜੀਤ ਕੌਰ ਨੇ ਦਿਵਿਆਂਗਾਂ ਲਈ ਸਕੀਮਾਂ ਬਾਰੇ ਇੰਦੌਰ ਵਿਖੇ ਕਰਵਾਈ ਦੋ ਰੋਜ਼ਾ ਕੌਮੀ ਸੰਵੇਦਨਸ਼ੀਲਤਾ ਵਰਕਸ਼ਾਪ ‘ਚ ਕੀਤੀ ਸ਼ਿਰਕਤ

ਇੰਦੌਰ/ਚੰਡੀਗੜ੍ਹ 15 ਸਤੰਬਰ 2022: ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ਦਿਵਿਆਂਗਾਂ (ਵਿਸ਼ੇਸ਼ ਤੌਰ ‘ਤੇ ਅਪਾਹਜ ਵਿਅਕਤੀਆਂ) ਲਈ ਸਕੀਮ ਅਤੇ ਲਾਭਾਂ ਬਾਰੇ ਆਯੋਜਿਤ ਕੌਮੀ ਸੰਵੇਦਨਸ਼ੀਲਤਾ ਵਰਕਸ਼ਾਪ ਵਿੱਚ ਪੰਜਾਬ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਦੇ ਨਾਲ ਸੀਨੀਅਰ ਅਧਿਕਾਰੀਆਂ ਦਾ ਵਫ਼ਦ ਵੀ ਮੌਜੂਦ ਸੀ।

ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵੱਖ-ਵੱਖ ਮੰਤਰੀਆਂ ਅਤੇ ਅਧਿਕਾਰੀਆਂ ਨੇ ਇਸ ਵਰਕਸ਼ਾਪ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਪੰਜਾਬ ਦੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦਿਵਿਆਂਗਾਂ ਸਬੰਧੀ ਵੱਖ-ਵੱਖ ਮੁੱਦਿਆਂ ਨੂੰ ਉਠਾਇਆ।

ਡਾ. ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ ਅਪਾਹਜ ਵਿਅਕਤੀਆਂ ਲਈ ਸਕੀਮਾਂ ਇਸ ਤਰੀਕੇ ਨਾਲ ਉਲੀਕੀਆਂ ਜਾਣੀਆਂ ਚਾਹੀਦੀਆਂ ਹਨ ਕਿ ਲਾਭਪਾਤਰੀ ਆਸਾਨੀ ਨਾਲ ਇਹਨਾਂ ਸਕੀਮਾਂ ਦਾ ਲਾਭ ਲੈ ਸਕਣ। ਉਨ੍ਹਾਂ ਅੱਗੇ ਕਿਹਾ ਕਿ ਦਿਵਿਆਂਗਾਂ ਲਈ ਸਕੀਮਾਂ ਬਾਰੇ ਫੈਸਲੇ ਲੈਣ ਤੋਂ ਪਹਿਲਾਂ ਅਜਿਹੇ ਲੋਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਾਰੀਆਂ ਸੂਬਾਂ ਸਰਕਾਰਾਂ ਨੂੰ ਅਜਿਹੀਆਂ ਨੀਤੀਆਂ ਨੂੰ ਲਾਗੂ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ ਜਿਸ ਨਾਲ ਅਪਾਹਜ ਵਿਅਕਤੀਆਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕੀਤਾ ਜਾ ਸਕੇ। ਡਾ. ਬਲਜੀਤ ਕੌਰ ਨੇ ਕੇਂਦਰ ਸਰਕਾਰ ਨੂੰ ਏ.ਡੀ.ਆਈ.ਪੀ. ਪੋਰਟਲ ਦੀ ਸ਼ੁਰੂਆਤ ਕਰਨ ਲਈ ਵਧਾਈ ਦਿੱਤੀ, ਜਿਸ ਨਾਲ ਸੂਬੇ ਭਰ ਦੇ ਅਪਾਹਜ ਲੋਕ ਇੱਕੋ ਪਲੇਟਫਾਰਮ ਜ਼ਰੀਏ ਸਾਰੀਆਂ ਸਹੂਲਤਾਂ ਪ੍ਰਾਪਤ ਕਰ ਸਕਣਗੇ।

ਇਸ ਮੌਕੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵਰਿੰਦਰ ਕੁਮਾਰ, ਰਾਜ ਮੰਤਰੀ ਰਾਮਦਾਸ ਅਠਾਵਲੇ, ਪ੍ਰਤਿਮਾ ਭੌਮਿਕ, ਦਿੱਲੀ ਸਰਕਾਰ ਦੇ ਮੰਤਰੀ ਰਾਜਿੰਦਰ ਪਾਲ ਗੌਤਮ ਅਤੇ ਵੱਖ-ਵੱਖ ਸੂਬਿਆਂ ਦੇ ਹੋਰ ਮੰਤਰੀ ਮੌਜੂਦ ਸਨ।