ਦਿੱਲੀ 30 ਅਗਸਤ 2022: ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਹੀ ਸਿੱਖ ਧਰਮ (Sikh religion) ਦੇ ਲੋਕ ਆਪਣਾ ਧਰਮ ਛੱਡ ਇਸਾਈ ਧਰਮ ਵਿੱਚ ਤਬਦੀਲ ਹੁੰਦੇ ਜਾ ਰਹੇ ਸੀ | ਜਿਸਦੇ ਚੱਲਦੇ ਸਿੱਖ ਜਥੇਬੰਦੀਆਂ ਐੱਸਜੀਪੀਸੀ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ | ਜਿਸ ਦੇ ਬਾਅਦ ਲਗਾਤਾਰ ਹੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਸਿੱਖਾਂ ਨੂੰ ਸਿੱਖੀ ਨਾਲ ਦੁਬਾਰਾ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |
ਇਸਦੇ ਨਾਲ ਹੀ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਦਰਜਨਾਂ ਦੇ ਕਰੀਬ ਪਰਿਵਾਰਾਂ ਨੂੰ ਸਿੱਖੀ ਨਾਲ ਦੁਬਾਰਾ ਜੋੜਿਆ ਗਿਆ ਜੋ ਕਿ ਇਸਾਈ ਧਰਮ ਭਾਈਚਾਰੇ ਵਿਚ ਤਬਦੀਲ ਹੋ ਗਏ ਸਨ | ਇਸ ਸੰਬੰਧ ਵਿਚ ਦੁਬਾਰਾ ਸਿੱਖੀ ਨਾਲ ਜੁੜੇ ਪਰਿਵਾਰਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਸਿੱਖ ਸੀ ਲੇਕਿਨ ਘਰਾਂ ਦੀਆਂ ਮਜਬੂਰੀਆਂ ਹੋਣ ਕਰਕੇ ਉਹ ਇਸਾਈ ਧਰਮ ਵਿੱਚ ਤਬਦੀਲ ਹੋ ਗਏ ਸਨ|
ਉਨ੍ਹਾਂ ਨੇ ਕਿਹਾ ਕਿ ਪਰਿਵਾਰਕ ਮੈਂਬਰ ਬੀਮਾਰ ਸਨ ਅਤੇ ਇਸਾਈ ਧਰਮ ਦੇ ਲੋਕਾਂ ਵੱਲੋਂ ਉਨ੍ਹਾਂ ਦਾ ਫਰੀ ਇਲਾਜ ਕਰਵਾਉਣ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਇਸਾਈ ਧਰਮ ਅਪਨਾਉਣ ਲਈ ਕਿਹਾ ਗਿਆ ਸੀ | ਇਸ ਮੌਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਲਗਾਤਾਰ ਹੀ ਸਿੱਖਾਂ ਦਾ ਮਸੀਹੀ ਭਾਈਚਾਰੇ ਵਿੱਚ ਤਬਦੀਲ ਹੋਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਅਤੇ ਅੱਜ ਉਨ੍ਹਾਂ ਵੱਲੋਂ ਕੋਸ਼ਿਸ਼ ਕਰਨ ਤੋਂ ਬਾਅਦ ਦਰਜਨਾਂ ਪਰਿਵਾਰ ਸਿੱਖੀ ਨਾਲ ਵਾਪਸ ਜੋੜੇ ਹਨ |
ਉਨ੍ਹਾਂ ਕਿਹਾ ਕਿ ਮਸੀਹ ਭਾਈਚਾਰੇ ਵੱਲੋਂ ਇਨ੍ਹਾਂ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਆਪਣੇ ਧਰਮ ਵਿੱਚ ਤਬਦੀਲ ਕੀਤਾ ਜਾ ਰਿਹਾ ਸੀ | ਉਨ੍ਹਾਂ ਕਿਹਾ ਕਿ ਹੁਣ ਕੁਝ ਪਰਿਵਾਰ ਸਿੱਖੀ ਨਾਲ ਵਾਪਸ ਜੁੜੇ ਹਨ ਜਿਸ ਤੋਂ ਸਾਨੂੰ ਆਸ ਹੈ ਕਿ ਹੋਰ ਵੀ ਪਰਿਵਾਰਾਂ ਨੂੰ ਵਾਪਸ ਸਿੱਖੀ ਨਾਲ ਜੋੜ ਪਾਵਾਂਗੇ |