ਚੰਡੀਗੜ੍ਹ, 3 ਮਾਰਚ 2023: ਫਿਲਮ “ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ” ਦੇ ਸ਼ਾਨਦਾਰ ਟੀਜ਼ਰ ਨੇ ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾ ਦਿੱਤਾ ਹੈ, ਹੁਣ ਸਾਨੂੰ ਫਿਲਮ ਦੀ ਇੱਕ ਹੋਰ ਝਲਕ ਟ੍ਰੇਲਰ ਦੇ ਰਾਹੀਂ ਦੇਖਣ ਨੂੰ ਮਿਲੇਗੀ, ਜਿਸ ਵਿੱਚ ਅਸੀਂ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ, ਜੱਸ ਬਾਜਵਾ, ਅਦਿਤੀ ਸ਼ਰਮਾ ਅਤੇ ਰੁਪਿੰਦਰ ਰੂਪੀ ਨੂੰ ਇੱਕੋਂ ਸਕਰੀਨ ਉੱਤੇ ਇਕੱਠੇ ਦੇਖਾਂਗੇ। ਫਿਲਮ ਨੀਰੂ ਬਾਜਵਾ ਐਂਟਰਟੇਨਮੈਂਟ ਅਤੇ ਘੈਂਟ ਬੁਆਏਜ ਐਂਟਰਟੇਨਮੈਂਟ ਦੁਆਰਾ ਪ੍ਰਸਤੁਤ ਕੀਤੀ ਗਈ ਹੈ। ਫਿਲਮ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਕੀਤੀ ਗਈ ਹੈ ਜੋ ਸਾਨੂੰ 24 ਮਾਰਚ, 2023 ਨੂੰ ਸਿਨੇਮਾ ਘਰਾਂ ਵਿੱਚ ਦੇਖਣ ਨੂੰ ਮਿਲੇਗੀ।
ਜਿਵੇਂ ਕਿ ਅਸੀਂ ਟ੍ਰੇਲਰ ਤੋਂ ਦੇਖ ਸਕਦੇ ਹਾਂ ਕਿ ਫਿਲਮ ਕਹਾਣੀ ਦੇ ਉਸ ਹਿੱਸੇ ਨਾਲ ਵਾਕਿਫ਼ ਕਰਾਉਂਦੀ ਹੈ ਜੋ ਆਪਣੇ ਵਤਨ ਅਤੇ ਆਪਣੀ ਮਿੱਟੀ ਨੂੰ ਛੱਡ ਪ੍ਰਦੇਸਾਂ ਵਿੱਚ ਵੱਸ ਰਹੇ ਹਨ। ਇਹ ਲੜਾਈ ਹੋਂਦ ਅਤੇ ਹੱਕਾਂ ਦੀ ਹੈ ਜੋ ਸਾਡੀ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਨੂੰ ਦਰਸਾਉਂਦੀ ਹੈ। ਫਿਲਮ ਦਾ ਨਿਰਦੇਸ਼ਣ ਉਦੈ ਪ੍ਰਤਾਪ ਸਿੰਘ ਦੁਆਰਾ ਕੀਤਾ ਗਿਆ ਹੈ ਅਤੇ ਕਹਾਣੀ ਜਗਦੀਪ ਵੜਿੰਗ ਨੇ ਲਿਖੀ ਗਈ ਹੈ ਜਿਨ੍ਹਾਂਨੇ ‘ਮਾਂ ਦਾ ਲਾਡਲਾ’, ‘ਗਲਵੱਕੜੀ’, ਅਤੇ ‘ਮੈਂ ਤੇ ਬਾਪੂ’ ਵਰਗੀਆਂ ਫਿਲਮਾਂ ਦੀ ਬਾਕਮਾਲ ਕਹਾਣੀ ਵੀ ਲਿਖੀ ਸੀ। ਇਸ ਫਿਲਮ ਦਾ ਬੈਕਗਰਾਊਂਡ ਸਕੋਰ ਰਾਜੂ ਸਿੰਘ ਨੇ ਦਿੱਤਾ ਹੈ, ਔਰ ਸੰਗੀਤ ਵੇਹਲੀ ਜਨਤਾ ਰੇਕੌਰਡਸ ਦੁਆਰਾ ਦਿੱਤਾ ਗਿਆ ਹੈ।
ਆਪਣੀ ਆਉਣ ਵਾਲੀ ਫਿਲਮ ਦੇ ਟ੍ਰੇਲਰ ਨੂੰ ਪੇਸ਼ ਕਰਦੇ ਹੋਏ, ਨਿਰਮਾਤਾ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ਅਤੇ ਸੰਤੋਸ਼ ਸੁਭਾਸ਼ ਥੀਟੇ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ, “ਇਹ ਫਿਲਮ ਦੇਸ਼ ਪ੍ਰਤੀ ਪਿਆਰ ਅਤੇ ਵਿਛੜਨ ਦੇ ਦਰਦ ਨੂੰ ਦਰਸਾਉਂਦੀ ਹੈ। ਸਾਡਾ ਫਿਲਮ ਨੂੰ ਪੇਸ਼ ਕਰਨ ਦਾ ਮਕਸਦ ਇਹ ਹੈ ਕਿ ਦਰਸ਼ਕ ਸਾਡੀ ਫਿਲਮ ਬਣਾਉਣ ਦੇ ਸੱਚੇ ਅਤੇ ਨੇਕ ਇਰਾਦੇ ਨੂੰ ਚੰਗੀ ਤਰ੍ਹਾਂ ਸਮਝ ਸਕਣ। ਸਾਨੂੰ ਉਮੀਦ ਹੈ ਕਿ ਦਰਸ਼ਕ ਸਾਡੀ ਨਵੀਂ ਪੇਸ਼ਕਸ਼ ਨੂੰ ਆਪਣਾ ਭਰਪੂਰ ਪਿਆਰ ਦੇਣਗੇ।”
ਫਿਲਮ ਦੀ ਕਹਾਣੀ ਦੀ ਗੱਲ ਕਰਦਿਆਂ ਨਿਰਦੇਸ਼ਕ ਉਦੈ ਪ੍ਰਤਾਪ ਸਿੰਘ ਦਾ ਕਹਿਣਾ ਹੈ, “ਮੈਂ ਇਸ ਫਿਲਮ ਦੀ ਕਹਾਣੀ ਨੂੰ ਆਪਣੇ ਇੰਨਾ ਕਰੀਬ ਦੇਖਿਆ ਕਿ ਮੈਨੂੰ ਇਹ ਸੱਚ-ਮੁੱਚ ਅਸਲੀ ਕਹਾਣੀ ਲਗਦੀ ਹੈ। ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਫਿਲਮ ਦੇ ਟੀਜ਼ਰ ਨੂੰ ਦਰਸ਼ਕਾਂ ਨੇ ਆਪਣਾ ਇੰਨਾ ਪਿਆਰ ਦਿੱਤਾ। ਮੈਨੂੰ ਉਮੀਦ ਹੈ ਕਿ ਦਰਸ਼ਕ ਟ੍ਰੇਲਰ ਅਤੇ ਫਿਲਮ ਨੂੰ ਵੀ ਆਪਣਾ ਇੰਨਾ ਪਿਆਰ ਦੇਣਗੇ।”
“ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ” 24 ਮਾਰਚ 2023 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ।