July 5, 2024 1:12 am
Jaswant Kaur

‘ਆਪ’ ਉਮੀਦਵਾਰ ਕੁਲਵੰਤ ਸਿੰਘ ਦੀ ਪਤਨੀ ਵੱਲੋਂ ਘਰ-ਘਰ ਚੋਣ ਪ੍ਰਚਾਰ

ਮੋਹਾਲੀ 22 ਜਨਵਰੀ 2022: ਪੰਜਾਬ ‘ਚ ਸਮੇਂ-ਸਮੇਂ ’ਤੇ ਰਾਜ ਕਰਦੀਆਂ ਆ ਰਹੀਆਂ ਕਦੇ ਅਕਾਲੀ ਅਤੇ ਕਦੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਅਜ਼ਾਦੀ ਤੋਂ 75 ਸਾਲ ਬਾਅਦ ਤੱਕ ਵੀ ਬੁਨਿਆਦੀ ਸਹੂਲਤਾਂ ਪੂਰੀਆਂ ਨਹੀਂ ਕਰ ਸਕੀਆਂ ਜਦਕਿ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਵੱਡੇ-ਵੱਡੇ ਭ੍ਰਿਸ਼ਟਾਚਾਰ ਕਰ-ਕਰ ਕੇ ਲੋਕਾਂ ਨੂੰ ਖੂਬ ਲੁੱਟਿਆ ਅਤੇ ਕੁੱਟਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਕੁਲਵੰਤ ਸਿੰਘ (Kulwant Singh) ਦੀ ਪਤਨੀ ਬੀਬੀ ਜਸਵੰਤ ਕੌਰ (Jaswant Kaur) ਨੇ ਅੱਜ ਆਪਣੇ ਪਤੀ ਦੇ ਹੱਕ ਵਿੱਚ ਜੁਝਾਰ ਨਗਰ ਵਿਖੇ ਚੋਣ ਪ੍ਰਚਾਰ ਕਰਨ ਮੌਕੇ ਲੋਕਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਬੀਬੀ ਜਸਵੰਤ ਕੌਰ ਨੇ ਕਿਹਾ ਕਿ ਇਸ ਵੇਲ਼ੇ ਆਮ ਆਦਮੀ ਪਾਰਟੀ ਹੀ ਇਕਲੌਤੀ ਪਾਰਟੀ ਹੈ ਜਿਸ ਵੱਲੋਂ ਦਿੱਲੀ ਵਿੱਚ ਰੋਲ ਮਾਡਲ ਤਿਆਰ ਕੀਤਾ ਗਿਆ ਹੈ ਅਤੇ ਉਸੇ ਅਧਾਰ ਉਤੇ ਹੁਣ ਪੰਜਾਬ ਵਿੱਚ ਵੋਟਾਂ ਮੰਗੀਆਂ ਜਾ ਰਹੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਉਹ ਕਰ ਦਿਖਾਇਆ ਹੈ ਜੋ ਕਿ ਕਾਂਗਰਸ ਅਤੇ ਭਾਜਪਾ ਸਮੇਤ ਹੋਰ ਪਾਰਟੀਆਂ ਦੀਆਂ ਸਰਕਾਰਾਂ ਪਿਛਲੇ 75 ਸਾਲ ਵਿੱਚ ਨਹੀਂ ਕਰ ਸਕੀਆਂ। ਇਸ ਲਈ ਹੁਣ ਲਾਜ਼ਮੀ ਹੋ ਗਿਆ ਹੈ ਕਿ ਇਸ ਵਾਰ ਇੱਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਜ਼ਰੂਰ ਦਿੱਤਾ ਜਾਵੇ ਤਾਂ ਜੋ ਪੰਜਾਬ ਵਿੱਚ ਵੀ ਕੇਜਰੀਵਾਲ ਦੀ ਸੋਚ ਮੁਤਾਬਕ ਸਰਕਾਰ ਬਣਾਈ ਜਾ ਸਕੇ ਅਤੇ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 20 ਫ਼ਰਵਰੀ ਨੂੰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਝਾਡ਼ੂ’ ਉਤੇ ਮੋਹਰਾਂ ਲਗਾ ਕੇ ਕੁਲਵੰਤ ਸਿੰਘ ਨੂੰ ਕਾਮਯਾਬ ਬਣਾਉਣ।