ਚੰਡੀਗੜ੍ਹ 12 ਅਕਤੂਬਰ 2022: ਆਪਾਂ ਨੂੰ ਪਰਾਲੀ ਨਹੀਂ ਸਾੜਨੀ ਚਾਹੀਦੀ, ਕਿਉਂਕਿ ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ।ਜਿਸ ਦਾ ਅਸਰ ਪਸ਼ੂ, ਪੰਛੀ ਅਤੇ ਮਨੁੱਖਤਾ ਤੇ ਪੈਂਦਾ ਹੈ। ਇਹ ਵਿਚਾਰ ਵਾਤਾਵਰਨ ਪ੍ਰੇਮੀ ਅਤੇ ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਨੇ ਇੱਥੋਂ ਨੇੜਲੇ ਪਿੰਡ ਡਸਕਾ ਵਿਖੇ ਇਕ ਧਾਰਮਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ 500 ਰੁਪਏ ਕੁਇੰਟਲ ਬੋਨਸ ਦੇਵੇ ਤਾਂ ਜੋ ਉਹ ਇਸ ਪਰਾਲੀ ਦੀ ਸੁਚੱਜੀ ਸੰਭਾਲ ਕਰ ਸਕਣ,ਪਰ ਫਿਰ ਵੀ ਜੇਕਰ ਸਰਕਾਰਾਂ ਫ਼ੈਸਲਾ ਨਹੀਂ ਲੈ ਪਾਉਂਦੀਆਂ ਤਾਂ ਅਸੀਂ ਉਨ੍ਹਾਂ ਦੀ ਸਜ਼ਾ ਆਪਣੇ ਭੈਣਾਂ, ਭਰਾਵਾਂ ਪਸ਼ੂਆਂ, ਪੰਛੀਆਂ, ਜੀਵ ਜੰਤੂਆਂ ਨੂੰ ਨਾ ਦੇਈਏ, ਕਿਉਂਕਿ ਉਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ। ਇਸ ਲਈ ਪਰਾਲੀ ਨੂੰ ਅੱਗ ਨਾ ਲਾਈਏ।
ਸੀਚੇਵਾਲ ਨੇ ਕਿਹਾ ਕਿ ਪਰਾਲੀ ਵਿੱਚ ਖਾਦ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ ਅਤੇ ਇਸ ਨਾਲ ਉਪਜਾਊ ਸ਼ਕਤੀ ਵਧਦੀ ਹੈ।ਇਸ ਲਈ ਇਸ ਨੂੰ ਅੱਗ ਲਾਉਣ ਦੀ ਥਾਂ ਪਸ਼ੂਆਂ ਦੇ ਹਰੇ ਚਾਰੇ ਲਈ ਵੀ ਵਰਤ ਸਕਦੇ ਹਾਂ। ਅੱਜ ਕੱਲ੍ਹ ਪਰਾਲੀ ਸੰਭਾਲਣ ਲਈ ਵੱਡੀਆਂ ਫੈਕਟਰੀਆਂ ਵੀ ਲੱਗ ਰਹੀਆਂ ਹਨ। ਇਸਦੇ ਨਾਲ ਹੀ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਦਾ ਬਦਲ ਲੱਭਣ ਤਾਂ ਜੋ ਇਹ ਸਮੱਸਿਆ ਖ਼ਤਮ ਹੋ ਸਕੇ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਧੂੰਆਂ ਇਕੱਲੀ ਪਰਾਲੀ ਦਾ ਨਹੀਂ ਫੈਕਟਰੀਆਂ ਦਾ ਵੀ ਹੈ।ਉਨ੍ਹਾਂ ਕਿਹਾ’ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਹੋਰ ਵੀ ਬਹੁਤ ਹਨ। ਕਿਉਂਕਿ ਕਿਸਾਨੀ ਲਾਹੇਵੰਦ ਕਿੱਤਾ ਨਹੀਂ ਰਿਹਾ। ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਚੁੱਕਾ ਹੈ ਅਤੇ ਕਿਸਾਨੀ ਖ਼ਤਰੇ ਵਿਚ ਪੈ ਚੁੱਕੀ ਹੈ ਜਿਸ ਕਾਰਨ ਨੌਜਵਾਨ ਵੀ ਬਾਹਰਲੇ ਦੇਸ਼ਾਂ ਨੂੰ ਦੌੜ ਰਹੇ।ਇਸ ਲਈ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜੇ |