June 30, 2024 10:58 pm
ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ

ਯੂਨੀਵਰਸਿਟੀ ‘ਚ ਡਾਕਟਰ ਪੀ ਰਹੇ ਸਨ ਸਿਗਰਟਾਂ/ਬੀੜੀਆਂ, ਵਿਦਿਆਰਥੀਆਂ ਨੇ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ

ਅੰਮ੍ਰਿਤਸਰ 03 ਦਸੰਬਰ 2022: ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੱਲ ਰਹੇ ਡਾਕਟਰਾਂ ਦੇ ਪ੍ਰੋਗਰਾਮ ਦੌਰਾਨ ਡਾਕਟਰਾਂ ਵਲੋਂ ਸਿਗਰਟਾਂ/ਬੀੜੀਆਂ ਪੀਣ ਦਾ ਮਾਮਲਾ ਸਾਹਮਣਾ ਆਈ ਹੈ | ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸਦਾ ਵਿਰੋਧ ਕਰਦਿਆਂ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਬੇਸ਼ੱਕ ਡਾਕਟਰਾਂ ਨੇ ਵਿਦਿਆਰਥੀਆਂ ਕੋਲੋਂ ਮੁਆਫ਼ੀ ਮੰਗ ਲਈ ਹੈ ਲੇਕਿਨ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹਨਾਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਹੋਣਾ ਚਾਹੀਦਾ ਹੈ |

ਦੱਸਿਆ ਜਾ ਰਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨੈਸ਼ਨਲ ਲੈਵਲ ਦੀ ਡਾਕਟਰਾਂ ਦੀ ਇੱਕ ਕਾਨਫਰੰਸ ਚੱਲ ਰਹੀ ਹੈ, ਡਾਕਟਰ ਜਿਸ ਨੂੰ ਜਿਨ੍ਹਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਉਨ੍ਹਾਂ ਵੱਲੋਂ ਹੀ ਵਿੱਦਿਆ ਦੇ ਮੰਦਰ ਦੇ ਵਿੱਚ ਸਿਗਰਟਾਂ ਤੇ ਬੀੜੀਆਂ ਪੀਤੀਆਂ ਜਾ ਰਹੀਆਂ ਹਨ ਜਦੋਂ ਵਿਦਿਆਰਥੀਆਂ ਵਲੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਥੋੜ੍ਹੀ ਦੇਰ ਤਾਂ ਉਹ ਰੁਕ ਗਏ, ਪਰ ਅੱਗੇ ਜਾ ਕੇ ਫੇਰ ਉਨ੍ਹਾਂ ਨੇ ਸਿਗਰਟਾਂ ਪੀਣੀਆਂ ਸ਼ੁਰੂ ਕਰ ਦਿੱਤੀਆ |

ਇਸ ਮੌਕੇ ਸਟੂਡੈਂਟ ਯੂਨੀਅਨ ਦੇ ਮੈਂਬਰ ਜੁਝਾਰ ਸਿੰਘ ਅਤੇ ਯੋਗਰਾਜ ਸਿੰਘ ਨੇ ਦੱਸਿਆ ਕਿ ਇਸ ਕਾਨਫਰੰਸ ਦੇ ਨਾਲ ਬੱਚਿਆਂ ਦੇ ਪੜ੍ਹਾਈ ‘ਤੇ ਕਾਫ਼ੀ ਅਸਰ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਪੇਪਰ ਸ਼ੁਰੂ ਹੋਣ ਜਾ ਰਹੇ ਹਨ ਅਤੇ ਇਕ ਪਾਸੇ ਬੀਐਸਐਫ ਦਾ ਸਥਾਪਨਾ ਦਿਵਸ ਮਨਾਉਣ ਲਈ ਬੀਐਸਐਫ ਨੂੰ ਦਿੱਤਾ ਗਿਆ ਹੈ ਅਤੇ ਦੂਜੇ ਪਾਸੇ ਇਹ ਕਾਨਫਰੰਸ ਚੱਲ ਰਹੀ ਹੈ | ਜਿਸ ਨਾਲ ਵਿਦਿਆਰਥੀਆਂ ਅਤੇ ਖਿਡਾਰੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ |

ਯੂਨੀਅਨ ਦੇ ਦੋਵੇਂ ਮੈਂਬਰਾਂ ਨੇ ਕਿਹਾ ਕਿ ਇਨ੍ਹਾਂ ਨੂੰ ਡਾਕਟਰਾਂ ਨੂੰ ਪੜ੍ਹੀ-ਲਿਖੀ ਜਮਾਤ ਕਿਹਾ ਜਾਂਦਾ ਹੈ ਤੇ ਇਹਨਾਂ ਨੂੰ ਅਸੀਂ ਸਿਗਰੇਟ ਪੀਣ ਤੋਂ ਰੋਕ ਰਹੇ ਸੀ, ਉਸਦਾ ਕੋਈ ਵੀ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ | ਯੂਨੀਵਰਸਿਟੀ ਦੇ ਪ੍ਰਬੰਧਕਾਂ ਦੇ ਉੱਤੇ ਵੱਡੇ ਸਵਾਲ ਚੁੱਕਦੇ ਹੋਏ ਵਿਦਿਆਰਥੀ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਚਾਹੀਦਾ ਹੈ | ਇਸ ਲਈ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ, ਸਰਕਾਰਾਂ ਇਸ ਵੱਲ ਧਿਆਨ ਨਹੀਂ ਦਿੰਦੀਆ |

ਉਨ੍ਹਾਂ ਕਿਹਾ ਕਿ ਹੁਣ ਤੱਕ ਯੂਨੀਵਰਸਿਟੀ ਵਿੱਚ ਸਟੇਟ ਕਾਉਂਸਲ ਦਾ ਨਿਰਮਾਣ ਨਹੀਂ ਹੋ ਸਕਿਆ | ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਯੂਨੀਵਰਸਿਟੀ ਨੂੰ ਕਿਰਾਏ ‘ਤੇ ਦੇਣ ਤੋਂ ਬਾਅਦ ਮਰਿਆਦਾ ਕਾਇਮ ਨਹੀਂ ਰੱਖੀ ਜਾ ਸਕਦੀ | ਅੱਗੇ ਬੋਲਦੇ ਹੋਏ ਓਹਨਾ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਹਰ ਇਕ ਵਿਦਿਆਰਥੀ 20 ਹਜ਼ਾਰ ਰੁਪਏ ਗਰਾਂਟ ਦੇ ਰਿਹਾ ਹੈ, ਇਸ ਨਾਲ ਯੂਨੀਵਰਸਿਟੀ ਚੱਲ ਰਹੀ ਹੈ |

ਦੂਜੇ ਪਾਸੇ ਯੂਨੀਵਰਸਿਟੀ ਦੇ ਵੀਸੀ ਡਾਕਟਰ ਸੰਧੂ ਇਹ ਬਿਆਨ ਦਿੰਦੇ ਹਨ ਕਿ ਯੂਨੀਵਰਸਿਟੀ ਮੁਨਾਫ਼ੇ ਵਿੱਚ ਚੱਲ ਰਹੀ | ਜੁਗਰਾਜ ਸਿੰਘ ਨੇ ਕਿਹਾ ਕਿ ਸਰਕਾਰਾਂ ਨੂੰ ਯੂਨੀਵਰਸਿਟੀ ਦੀਆਂ ਬਣਦੀਆ ਗਰਾਂਟਾਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਵਿਦਿਆਰਥੀਆਂ ਤੇ ਵਾਧੂ ਬੋਝ ਨਾ ਪਵੇ ਜੁਗਰਾਜ ਸਿੰਘ ਨੇ ਕਿਹਾ ਕਿ ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਦੇ ਬਾਹਰ ਲਗਾਏ ਗਏ ਬੋਰਡ ਜਿਸ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵੀ ਸ਼ਾਮਲ ਹੈ ਉਸ ਨੂੰ ਹਟਾਉਣ ਜਾਵੇ |

ਉਨ੍ਹਾਂ ਨੇ ਕਿਹਾ ਕਿ ਸਿਗਰਟਾਂ ਪੀਣ ਵਾਲੇ ਡਾਕਟਰਾਂ ਦੇ ਉੱਤੇ ਬਣਦੀ ਕਰਵਾਈ ਕੀਤੀ ਜਾਵੇ | ਇਸਦੇ ਨਾਲ ਹੀ ਉਨ੍ਹਾਂ ਨੇ ਦਵਾਈ ਕੰਪਨੀ ਵੱਲੋਂ ਆਪਣੇ ਬੈਗ ਤੇ ਹਰਿਮੰਦਰ ਸਾਹਿਬ ਦੀ ਫੋਟੋ ਬਨਾਉਣ ‘ਤੇ ਪੁਲਿਸ ਥਾਣਾ ਕੰਟੋਨਮੈਂਟ ਵਿਖੇ 295 ਧਾਰਾ ਦੇ ਤਹਿਤ ਮਾਮਲਾ ਦਰਜ ਕਰਨ ਲਈ ਦਰਖਾਸਤ ਦੇ ਦਿੱਤੀ ਹੈ | ਇਸ ਸਾਰੇ ਮਾਮਲੇ ਵਿੱਚ ਚਾਰ ਘੰਟੇ ਦੇ ਧਰਨੇ ਤੋਂ ਬਾਅਦ ਯੂਨੀਵਰਸਿਟੀ ਦੇ ਰਜਿਸਟਰਾਰ ਕਮਲ ਕਾਹਲੋਂ ਪਹੁੰਚੇ, ਜਿਨ੍ਹਾਂ ਨੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦੇ ਵਿਚਾਲੇ ਗੱਲਬਾਤ ਕਰਵਾ ਕੇ ਇਸ ਧਰਨੇ ਨੂੰ ਖ਼ਤਮ ਕਰਵਾਇਆ | ਏਸੀਪੀ ਕੰਵਲਪ੍ਰੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਦਰਖਾਸਤ ਲੈ ਲਈ ਗਈ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ |